ਸੀਐਮ ਭਗਵੰਤ ਮਾਨ ਨੇ ਭਾਰਤ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਨੂੰ ਲੈ ਕੇ ਖੁਸ਼ੀ ਜਤਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਾਕੀ ਦੀ ਖੇਡ ਨੂੰ ਮੋਹਰੀ ਬਣਾਉਣ ਅਤੇ ਇਸ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮਾਨ ਨੇ ਵੀਰਵਾਰ ਨੂੰ ਆਪਣੇ ਨਿਵਾਸ ਸਥਾਨ ‘ਤੇ ਪੁਰਸ਼ ਹਾਕੀ ਵਿਸ਼ਵ ਕੱਪ ਦੀ ਟਰਾਫੀ ਦਾ ਸਵਾਗਤ ਕੀਤਾ ਹੈ। ਸੀਐਮ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਹਾਕੀ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੁਨੀਆ ‘ਚ ਨਾਂ ਰੌਸ਼ਨ ਕੀਤਾ ਹੈ। ਇਹ ਮਾਣ ਵਾਲੀ ਗੱਲ ਹੈ ਕਿ ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਕੋਈ ਤਗਮਾ ਜਿੱਤਿਆ ਸੀ। ਉਨ੍ਹਾਂ ਦੱਸਿਆ ਕਿ ਜੇਤੂ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ 11 ਖਿਡਾਰੀ ਪੰਜਾਬ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ 1975 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਕਪਤਾਨੀ ਵੀ ਪੰਜਾਬ ਦੇ ਅਜੀਤਪਾਲ ਸਿੰਘ ਕੋਲ ਸੀ।
ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਟੀਮ ਦੇ ਕੈਂਪ ਵਿੱਚ ਜ਼ਿਆਦਾਤਰ ਖਿਡਾਰੀ ਵੀ ਪੰਜਾਬ ਦੇ ਹੀ ਹਨ। ਟੀਮ ਵੱਲੋਂ ਜਿੱਤ ਦਾ ਸਫ਼ਰ ਜਾਰੀ ਰੱਖਣ ਦੀ ਲੋੜ ਹੈ, ਤਾਂ ਜੋ ਤਮਗਾ ਦੇਸ਼ ਦੀ ਝੋਲੀ ਵਿੱਚ ਆ ਸਕੇ। ਮੁੱਖ ਮੰਤਰੀ ਮਾਨ ਨੇ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਕੌਮੀ ਖੇਡ ਹਾਕੀ ਦੇ ਪਛੜੇਪਣ ‘ਤੇ ਵੀ ਦੁੱਖ ਪ੍ਰਗਟ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਹਾਕੀ ਦੇ ਸੁਨਹਿਰੀ ਦੌਰ ਨੂੰ ਵਾਪਿਸ ਲਿਆਉਣ ਲਈ ਵੱਡੇ ਕਦਮ ਚੁੱਕ ਰਹੀ ਹੈ। ਇਸ ਦਿਸ਼ਾ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਇਸ ਬਿਮਾਰੀ ਦਾ ਖਾਤਮਾ ਕੀਤਾ ਜਾਵੇਗਾ। ਉਹ ਦਿਨ ਦੂਰ ਨਹੀਂ ਜਦੋਂ ਹਰ ਪੰਜਾਬੀ ਦੇ ਯਤਨਾਂ ਨਾਲ ਹਾਕੀ ਆਪਣੀ ਪੁਰਾਣੀ ਸ਼ਾਨ ਨੂੰ ਬਹਾਲ ਕਰ ਲਵੇਗੀ।