ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹੁਸ਼ਿਆਰਪੁਰ ਦਾ ਲਾਚੋਵਾਲ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਦਸਤਾਵੇਜ਼ ਦਿਖਾਉਂਦਿਆਂ ਇੱਕ ਪ੍ਰੈੱਸ ਕਾਨਫਰੰਸ ਵੀ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਲਾਚੋਵਾਲ ਟੋਲ ਪਲਾਜ਼ਾ ਅਧੀਨ 27.90 ਕਿਲੋਮੀਟਰ ਦੀ ਸੜਕ ਹੈ। ਪੰਜਾਬ ਸਰਕਾਰ ਨੇ ਲੋਕਾਂ ਦੇ ਟੈਕਸ ਨਾਲ 7.76 ਕਰੋੜ ਰੁਪਏ ਵਿੱਚ ਇਹ ਸੜਕ ਬਣਾਈ ਸੀ ਪਰ 6 ਮਾਰਚ 2007 ਤੋਂ 14 ਦਸੰਬਰ 2022 ਤੱਕ ਕਰੀਬ 15 ਸਾਲਾਂ ਲਈ ਰੱਖ-ਰਖਾਅ ਦਾ ਠੇਕਾ ਪੀਡੀ ਅਗਰਵਾਲ ਇਨਫਰਾਸਟਰੱਕਚਰ ਲਿਮਟਿਡ ਨਾਮਕ ਕੰਪਨੀ ਨੂੰ ਦੇ ਦਿੱਤਾ।
ਹੁਸ਼ਿਆਰਪੁਰ ਵਿਖੇ ਲਾਚੋਵਾਲ ਟੋਲ ਪਲਾਜ਼ਾ ਤੋਂ LIVE https://t.co/Edrb3WhDRU
— Bhagwant Mann (@BhagwantMann) December 15, 2022
ਸੀਐਮ ਮਾਨ ਨੇ ਕਿਹਾ ਕਿ ਇਸ ਟੋਲ ਦੀ ਰੋਜ਼ਾਨਾ ਉਗਰਾਹੀ 1.94 ਲੱਖ ਰੁਪਏ ਹੈ, ਜੋ ਪ੍ਰਤੀ ਸਾਲ 7 ਕਰੋੜ ਰੁਪਏ ਬਣਦੀ ਹੈ। ਹੁਣ ਲੋਕਾਂ ਦਾ ਇਹ ਪੈਸਾ ਅੱਜ ਤੋਂ ਹੀ ਬਚਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰਕਮ 105 ਕਰੋੜ ਰੁਪਏ ਬਣਦੀ ਹੈ ਜਦੋਂ ਸਰਕਾਰ ਨੇ 8.5 ਕਰੋੜ ਰੁਪਏ ਵਿੱਚ ਸੜਕ ਬਣਾਉਣ ਲਈ ਇੱਕ ਨਿੱਜੀ ਕੰਪਨੀ ਨੂੰ 7 ਕਰੋੜ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ 15 ਸਾਲਾਂ ਦਾ ਠੇਕਾ ਦਿੱਤਾ ਸੀ ਪਰ ਕੰਪਨੀ ਨੇ ਸਮਝੌਤੇ ਦੀ ਕੋਈ ਵੀ ਸ਼ਰਤ ਪੂਰੀ ਨਹੀਂ ਕੀਤੀ। ਸੜਕ ਦੀ ਸਾਂਭ-ਸੰਭਾਲ ਨਹੀਂ ਕੀਤੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਸਪਰੋ ਸਮਝੌਤੇ ਅਨੁਸਾਰ ਕੰਪਨੀ ਨੇ ਸਰਕਾਰ ਨੂੰ ਸੂਚਿਤ ਕੀਤੇ ਬਿਨਾਂ ਪੈਸੇ ਇੱਕ ਨਿੱਜੀ ਬੈਂਕ ਖਾਤੇ ਵਿੱਚ ਜਮ੍ਹਾ ਕਰਵਾਏ। ਇਸ ਤਰ੍ਹਾਂ ਸਰਕਾਰ ਨਾਲ ਧੋਖਾ ਹੋਇਆ ਹੈ। ਮਾਨ ਨੇ ਕਿਹਾ ਕਿ ਸਾਲ 2007 ਤੋਂ 2017 ਤੱਕ ਅਕਾਲੀ ਦਲ ਦੀਆਂ 10 ਸਰਕਾਰਾਂ ਰਹੀਆਂ ਹਨ। ਸਾਲ 2017 ਤੋਂ ਬਾਅਦ ਕਾਂਗਰਸ ਦੀ ਕੈਪਟਨ ਸਰਕਾਰ ਬਣੀ ਪਰ ਕਿਸੇ ਵੀ ਸਰਕਾਰ ਨੇ ਇਸ ਕੰਪਨੀ ਨੂੰ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ‘ਤੇ ਸਮਝੌਤੇ ਨੂੰ ਰੱਦ ਕਰਨ ਲਈ ਨਹੀਂ ਕਿਹਾ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਏਜੀ ਨਾਲ ਸਲਾਹ ਕਰਕੇ ਕੰਪਨੀ ਖ਼ਿਲਾਫ਼ ਧੋਖਾਧੜੀ ਦੇ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਕੰਪਨੀ ਨੂੰ ਬਲੈਕਲਿਸਟ ਵੀ ਕੀਤਾ ਜਾਵੇਗਾ ਅਤੇ ਪੈਸੇ ਵੀ ਵਸੂਲ ਕੀਤੇ ਜਾਣਗੇ।