ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਅੱਜ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਤੇ ਫੈਸਲਾ ਵੀ ਅਜਿਹਾ ਜਿਸ ਦੀ ਸੈਂਕੜੇ ਲੋਕਾਂ ਦੇ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਦਰਅਸਲ ਸਰਕਾਰ ਨੇ ਹੁਣ ਨਰਸਾਂ, ਮਾਹਿਰ ਡਾਕਟਰਾਂ ਅਤੇ ਮਿਡਵਾਈਵਜ਼ ਨੂੰ ਤੁਰੰਤ ਨਿਵਾਸ ਦੀ ਆਗਿਆ ਦਿੰਦੇ ਹੋਏ ਆਪਣੀਆਂ ਇਮੀਗ੍ਰੇਸ਼ਨ ਸੈਟਿੰਗਾਂ ਵਿੱਚ ਇੱਕ ਵੱਡੀ ਤਬਦੀਲੀ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ 2022 ਦੀ ਅੰਤਮ ਪੋਸਟ-ਕੈਬਨਿਟ ਪ੍ਰੈਸ ਬ੍ਰੀਫਿੰਗ ਵਿੱਚ ਇਹ ਐਲਾਨ ਕੀਤਾ ਹੈ।ਇਹ ਤਬਦੀਲੀ ਫਾਸਟ-ਟਰੈਕ ਰੈਜ਼ੀਡੈਂਸੀ ਨੀਤੀ ਬਾਰੇ ਮਹੀਨਿਆਂ ਦੀ ਆਲੋਚਨਾ ਤੋਂ ਬਾਅਦ ਆਈ ਹੈ ਜਿਸ ਨੇ ਅਸਲ ਵਿੱਚ ਨਰਸਾਂ ਨੂੰ ਇਸ ਡਰ ਕਾਰਨ ਬਾਹਰ ਕਰ ਦਿੱਤਾ ਸੀ ਕਿ ਉਹ ਪਹੁੰਚਣ ਤੋਂ ਬਹੁਤ ਦੇਰ ਬਾਅਦ ਦੇਸ਼ ਛੱਡ ਕੇ ਚਲੇ ਜਾਣਗੇ।
ਜ਼ਿਕਰਯੋਗ ਹੈ ਕਿ ਜੋ ਨਰਸਾਂ ਜਾਂ ਡਾਕਟਰ ਨਿਊਜੀਲੈਂਡ ਦੀ ਪੱਕੀ ਰਿਹਾਇਸ਼ ਨਾ ਮਿਲਣ ਦੇ ਚਲਦਿਆਂ ਦੂਜੇ ਦੇਸ਼ਾਂ ਨੂੰ ਮੂਵ ਹੋਣ ਦਾ ਵਿਚਾਰ ਬਣਾ ਰਹੇ ਸਨ, ਉਨ੍ਹਾਂ ਦੇ ਭਵਿੱਖ ਨੂੰ ਨਿਊਜੀਲੈਂਡ ਵਿੱਚ ਹੀ ਸੁਰੱਖਿਅਤ ਕਰਨ ਤੇ ਇਸ ਪੇਸ਼ੇ ਨਾਲ ਸਬੰਧਤ ਪੇਸ਼ੇਵਰਾਂ ਦੀ ਘਾਟ ਨੂੰ ਖਤਮ ਕਰਨ ਲਈ ਨਿਊਜੀਲੈਂਡ ਸਰਕਾਰ ਨੇ ਇਨ੍ਹਾਂ ਮਾਹਿਰਾਂ ਨੂੰ ਤੁਰੰਤ ਰੈਜੀਡੈਂਸੀ ਦੇਣ ਦਾ ਫੈਸਲਾ ਲਿਆ ਹੈ ਤੇ ਮੈਡੀਕਲ ਕਿੱਤੇ ਨਾਲ ਸਬੰਧਿਤ ਪ੍ਰੋਫੈਸ਼ਨਲਾਂ ਨੂੰ ਗਰੀਨ ਲਿਸਟ ਵਿੱਚ ਪਾਉਣ ਦਾ ਫੈਸਲਾ ਲਿਆ ਹੈ, ਜੋ ਕਿ ਅਜਿਹਾ ਨਾ ਕਰਨ ਕਰਕੇ ਸਰਕਾਰ ਸ਼ੁਰੂ ਤੋਂ ਹੀ ਅਲੋਚਨਾ ਦਾ ਸਾਹਮਣਾ ਕਰ ਰਹੀ ਸੀ।
ਉਹ ਮੈਡੀਕਲ ਪੇਸ਼ੇਵਰ ਗ੍ਰੀਨ ਲਿਸਟ ਇਮੀਗ੍ਰੇਸ਼ਨ ਸ਼੍ਰੇਣੀ ਵਿੱਚ ਸ਼ਾਮਿਲ ਕੀਤੇ ਗਏ 10 ਵਾਧੂ ਪੇਸ਼ਿਆਂ ਵਿੱਚੋਂ ਹਨ। ਗਰੀਨ ਲਿਸਟ ਸਰਕਾਰ ਨੇ ਜੁਲਾਈ ਵਿੱਚ ਬਣਾਈ ਸੀ, ਜਿਸ ਵਿੱਚ ਮੌਜੂਦ ਕਿੱਤੇ ਦੇ ਮਾਹਿਰਾਂ ਨੂੰ ਤੁਰੰਤ ਜਾਂ 2 ਸਾਲਾਂ ਬਾਅਦ ਰੈਜੀਡੈਂਸੀ ਦੇਣ ਦਾ ਇਰਾਦਾ ਸੀ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਅਸੀਂ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਕੰਮ ਕਰਦੀਆਂ ਨਰਸਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਨਿਊਜੀਲੈਂਡ ਨਰਸਾਂ ਦੇ ਰਹਿਣ, ਕੰਮ ਕਰਨ ਲਈ ਦੁਨੀਆਂ ਦੀ ਸਭ ਤੋਂ ਵਧੀਆ ਥਾਂ ਹੈ। ਅੱਜ ਦੇ ਇਸ ਫੈਸਲੇ ਨਾਲ ਸਾਰੇ ਅਧਿਆਪਕ, ਡਰੇਲ ਲੇਅਰ, ਮੋਟਰ ਮਕੈਨਿਕ ਵੀ ਵਰਕ ਟੂ ਰੈਜੀਡੈਂਸੀ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰ ਲਏ ਗਏ ਹਨ। ਇੱਕ ਨਵੇਂ ਸੈਕਟਰ ਐਗਰੀਮੈਂਟ ਤਹਿਤ ਬੱਸ ਤੇ ਟਰੱਕ ਡਰਾਈਵਰਾਂ ਦੀ ਘਾਟ ਖਤਮ ਕਰਨ ਲਈ ਉਨ੍ਹਾਂ ਨੂੰ ਵੀ ਵਰਕ ਟੂ ਰੈਜੀਡੈਂਸੀ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਹੈ।