ਗੁਜਰਾਤ ਵਿੱਚ ਭਾਜਪਾ ਲਗਾਤਾਰ 7ਵੀਂ ਵਾਰ ਸਰਕਾਰ ਬਣਾ ਰਹੀ ਹੈ। ਇਸ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲੋਕਾਂ ਅਤੇ ਵਰਕਰਾਂ ਦਾ ਧੰਨਵਾਦ ਕਰਨ ਲਈ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਪਹੁੰਚੇ। ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਜਨਤਾ ਜਨਾਰਦਨ ਅੱਗੇ ਸਿਰ ਝੁਕਾਉਂਦਾ ਹਾਂ, ਇਹ ਫਤਵਾ ਭਾਰੀ ਹੈ। ਜਿੱਥੇ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ‘ਤੇ ਨਹੀਂ ਜਿੱਤ ਸਕੀ, ਉੱਥੇ ਭਾਜਪਾ ਦਾ ਵੋਟ ਸ਼ੇਅਰ ਤੁਹਾਡੀ ਮੁਹੱਬਤ ਦਾ ਪ੍ਰਮਾਣ ਹੈ।
ਮੈਂ ਗੁਜਰਾਤ, ਹਿਮਾਚਲ ਅਤੇ ਦਿੱਲੀ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਜ਼ਿਮਨੀ ਚੋਣਾਂ ਵਿੱਚ ਵੀ ਤੁਹਾਡਾ ਪਿਆਰ ਦਿਖਾਈ ਦਿੱਤਾ। ਯੂਪੀ ਦੇ ਰਾਮਪੁਰ ਵਿੱਚ ਭਾਜਪਾ ਦੀ ਜਿੱਤ ਹੋਈ ਹੈ। ਬਿਹਾਰ ਚੋਣਾਂ ਵਿੱਚ ਭਾਜਪਾ ਦਾ ਪ੍ਰਦਰਸ਼ਨ ਆਉਣ ਵਾਲੇ ਦਿਨਾਂ ਦਾ ਪ੍ਰਤੀਬਿੰਬ ਹੈ। ਮੋਦੀ ਨੇ ਕਿਹਾ ਕਿ ਚੋਣਾਂ ਦੌਰਾਨ ਮੈਂ ਗੁਜਰਾਤ ਦੇ ਲੋਕਾਂ ਨੂੰ ਕਿਹਾ ਸੀ, ਇਸ ਵਾਰ ਨਰਿੰਦਰ ਦਾ ਰਿਕਾਰਡ ਟੁੱਟਣਾ ਚਾਹੀਦਾ ਹੈ। ਮੈਂ ਵਾਅਦਾ ਕੀਤਾ ਸੀ ਕਿ ਭੂਪੇਂਦਰ ਨਰਿੰਦਰ ਦਾ ਰਿਕਾਰਡ ਤੋੜੇ, ਇਸ ਲਈ ਮੈਂ ਪੂਰੀ ਕੋਸ਼ਿਸ਼ ਕਰਾਂਗਾ। ਲੋਕਾਂ ਨੇ ਭਾਜਪਾ ਨੂੰ ਗੁਜਰਾਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਫਤਵਾ ਦੇ ਕੇ ਨਵਾਂ ਇਤਿਹਾਸ ਸਿਰਜਿਆ ਹੈ। ਢਾਈ ਦਹਾਕੇ ਲਗਾਤਾਰ ਸਰਕਾਰ ਵਿੱਚ ਰਹਿਣ ਦੇ ਬਾਵਜੂਦ ਅਜਿਹਾ ਪਿਆਰ ਬੇਮਿਸਾਲ ਹੈ। ਲੋਕਾਂ ਨੇ ਜਾਤ-ਪਾਤ ਆਦਿ ਤੋਂ ਉੱਪਰ ਉੱਠ ਕੇ ਭਾਜਪਾ ਨੂੰ ਵੋਟਾਂ ਪਾਈਆਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਹਿਮਾਚਲ ਦੇ ਹਰ ਵੋਟਰ ਦਾ ਵੀ ਧੰਨਵਾਦੀ ਹਾਂ। ਹਿਮਾਚਲ ਦੀਆਂ ਚੋਣਾਂ ‘ਚ ਜਿੱਤ ਜਾਂ ਹਾਰ ਦਾ ਫੈਸਲਾ ਇੱਕ ਫੀਸਦੀ ਤੋਂ ਵੀ ਘੱਟ ‘ਤੇ ਹੋ ਗਿਆ ਹੈ। ਹਿਮਾਚਲ ਵਿੱਚ ਇੰਨੇ ਛੋਟੇ ਫਰਕ ਨਾਲ ਕਦੇ ਨਤੀਜਾ ਨਹੀਂ ਆਇਆ। ਹਿਮਾਚਲ ਵਿੱਚ ਹਰ ਪੰਜ ਸਾਲ ਬਾਅਦ ਸਰਕਾਰਾਂ ਬਦਲਦੀਆਂ ਰਹੀਆਂ ਹਨ ਪਰ ਹਰ ਵਾਰ ਜਿੱਤ-ਹਾਰ ਵਿੱਚ 5-6 ਫੀਸਦੀ ਦਾ ਫਰਕ ਆਇਆ ਹੈ। ਇਸ ਵਾਰ ਇੱਕ ਫੀਸਦੀ ਤੋਂ ਵੀ ਘੱਟ ਦਾ ਫਰਕ ਲੋਕਾਂ ਦੇ ਪਿਆਰ ਨੂੰ ਦਰਸਾਉਂਦਾ ਹੈ। ਭਾਜਪਾ ਭਾਵੇਂ ਹਿਮਾਚਲ ਵਿੱਚ ਇੱਕ ਫੀਸਦੀ ਤੋਂ ਵੀ ਘੱਟ ਰਹੀ ਹੋਵੇ ਪਰ ਵਿਕਾਸ ਲਈ ਸਾਡੀ ਵਚਨਬੱਧਤਾ 100 ਫੀਸਦੀ ਰਹੇਗੀ।