ਪੰਜਾਬ ਦੇ ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਧਰਨਾ ਦੇ ਰਹੇ ਵਰਕਰਾਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ ਹੈ। ਇਹ ਵਰਕਰ ਆਪਣੀਆਂ ਮੰਗਾਂ ਨੂੰ ਲੈ ਕੇ ਬੁੱਧਵਾਰ ਨੂੰ ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਸਾਹਮਣੇ ਪੁੱਜੇ ਸਨ, ਜਿੱਥੇ ਪੁਲਿਸ ਅਤੇ ਵਰਕਰਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਵਰਕਰਾਂ ‘ਤੇ ਲਾਠੀਚਾਰਜ ਕੀਤਾ। ਇਸ ਘਟਨਾ ‘ਚ ਕੁੱਝ ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਟਰੇਡ ਯੂਨੀਅਨਾਂ ਸਭ ਤੋਂ ਪਹਿਲਾਂ ਪਟਿਆਲਾ ਬਾਈਪਾਸ ‘ਤੇ ਇਕੱਠੀਆਂ ਹੋਈਆਂ। ਇਸ ਤੋਂ ਬਾਅਦ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕੀਤਾ ਜਿੱਥੇ ਪਹਿਲਾਂ ਤੋਂ ਹੀ ਭਾਰੀ ਪੁਲਿਸ ਬਲ ਤਾਇਨਾਤ ਸੀ। ਜਦੋਂ ਪੰਜਾਬ ਭਰ ਦੀਆਂ ਮਜ਼ਦੂਰ ਜਥੇਬੰਦੀਆਂ ਮੁੱਖ ਮੰਤਰੀ ਦੇ ਘਰ ਵੱਲ ਜਾਣ ਲੱਗੀਆਂ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿੱਥੇ ਕਾਫੀ ਧੱਕਾ-ਮੁੱਕੀ ਅਤੇ ਲਾਠੀਚਾਰਜ ਹੋਇਆ, ਜਿਸ ਵਿੱਚ ਕੁੱਝ ਵਰਕਰ ਜ਼ਖ਼ਮੀ ਹੋ ਗਏ।
ਹੁਣ ਟਰੇਡ ਯੂਨੀਅਨਾਂ ਕਲੋਨੀ ਦੇ ਗੇਟ ਅੱਗੇ ਜਿੱਥੇ ਮੁੱਖ ਮੰਤਰੀ ਦੀ ਕੋਠੀ ਸਥਿਤ ਹੈ, ਧਰਨੇ ’ਤੇ ਬੈਠੀਆਂ ਹਨ। ਜਾਣਕਾਰੀ ਅਨੁਸਾਰ ਇਸ ਪ੍ਰਦਰਸ਼ਨ ਵਿੱਚ ਕਿਸਾਨ ਅਤੇ ਮਜ਼ਦੂਰ ਦੋਵੇਂ ਹੀ ਸ਼ਾਮਿਲ ਹਨ। ਉਨ੍ਹਾਂ ਦੀਆਂ ਦੋ ਮੁੱਖ ਮੰਗਾਂ ਹਨ। ਪਹਿਲੀ ਹੈ ਰਹਿਣ ਅਤੇ ਮਕਾਨ ਬਣਾਉਣ ਲਈ ਪਲਾਟ ਦੀ ਮੰਗ ਅਤੇ ਦੂਜੀ ਪੱਕੀ ਨੌਕਰੀ ਦੀ ਮੰਗ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਨਰੇਗਾ ਅਤੇ ਖੇਤਾਂ ਵਿੱਚ ਕੰਮ ਕਰਨ ਲਈ ਦਿਹਾੜੀ ਨਹੀਂ ਮਿਲਦੀ।
ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ-ਮਜ਼ਦੂਰਾਂ ਨੇ ਰਸਤੇ ‘ਚ ਟਰੱਕ ਲਗਾ ਦਿੱਤੇ ਸਨ। ਬਾਅਦ ਵਿੱਚ ਜਦੋਂ ਪੁਲਿਸ ਅਤੇ ਮਜ਼ਦੂਰਾਂ ਵਿੱਚ ਤਕਰਾਰ ਹੋ ਗਈ ਤਾਂ ਪੁਲੀਸ ਨੂੰ ਰਸਤਾ ਖੋਲ੍ਹਣ ਅਤੇ ਟਰੱਕ ਨੂੰ ਹਟਾਉਣ ਲਈ ਲਾਠੀਚਾਰਜ ਕਰਨਾ ਪਿਆ। ਕਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਕੋਲ ਲਾਠੀਚਾਰਜ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਪੁਲਿਸ ਨੇ ਦੱਸਿਆ ਹੈ ਕਿ ਜਿਸ ਤਰੀਕੇ ਨਾਲ ਮਜ਼ਦੂਰ ਬੈਠੇ ਸਨ ਹਾਈਵੇਅ ਨੂੰ ਜਾਮ ਕਰ ਦਿੱਤਾ ਸੀ, ਇਸ ਨੂੰ ਖੋਲ੍ਹਣਾ ਬਹੁਤ ਜ਼ਰੂਰੀ ਸੀ। ਉਹ ਨਹੀਂ ਮੰਨ ਰਹੇ ਸਨ ਇਸ ਲਈ ਲਾਠੀਚਾਰਜ ਕਰਨਾ ਪਿਆ।