ਮਹਾਰਾਸ਼ਟਰ ਦੇ ਸਲਾਮੀ ਬੱਲੇਬਾਜ਼ ਰਿਤੁਰਾਜ ਗਾਇਕਵਾੜ ਨੇ ਵਿਜੇ ਹਜ਼ਾਰੇ ਟਰਾਫੀ ‘ਚ ਵੱਡਾ ਕਾਰਨਾਮਾ ਕੀਤਾ ਹੈ। ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੈਚ ਵਿੱਚ ਗਾਇਕਵਾੜ ਨੇ ਇੱਕ ਓਵਰ ਵਿੱਚ 7 ਛੱਕੇ ਜੜੇ ਹਨ। ਗਾਇਕਵਾੜ ਅਜਿਹਾ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਗਾਇਕਵਾੜ ਨੇ ਇਹ ਕਾਰਨਾਮਾ ਮੈਚ ਦੇ 49ਵੇਂ ਓਵਰ ਵਿੱਚ ਕੀਤਾ ਹੈ। ਗਾਇਕਵਾੜ ਨੇ ਆਪਣੇ ਸੱਤ ਸ਼ਾਨਦਾਰ ਛੱਕਿਆਂ ਦੀ ਮਦਦ ਨਾਲ ਇਸ ਮੈਚ ਵਿੱਚ ਦੋਹਰਾ ਸੈਂਕੜਾ ਜੜਿਆ ਹੈ।
ਉੱਤਰ ਪ੍ਰਦੇਸ਼ ਦੇ ਖਿਲਾਫ ਮਹਾਰਾਸ਼ਟਰ ਦੇ ਸਲਾਮੀ ਬੱਲੇਬਾਜ਼ ਗਾਇਕਵਾੜ ਨੇ ਮੈਚ ਦੇ 49ਵੇਂ ਓਵਰ ਵਿੱਚ ਛੱਕਿਆਂ ਦੀ ਵਰਖਾ ਕੀਤੀ। ਇਸ ਓਵਰ ‘ਚ ਗਾਇਕਵਾੜ ਨੇ ਉੱਤਰ ਪ੍ਰਦੇਸ਼ ਦੇ ਗੇਂਦਬਾਜ਼ ਸਿਵਾ ਸਿੰਘ ‘ਤੇ 7 ਗੇਂਦਾਂ ‘ਚ 7 ਛੱਕੇ ਜੜੇ। ਇਨ੍ਹਾਂ 7 ਛੱਕਿਆਂ ਦੀ ਮਦਦ ਨਾਲ ਗਾਇਕਵਾੜ ਨੇ ਯੂਪੀ ਖਿਲਾਫ ਦੋਹਰਾ ਸੈਂਕੜਾ ਵੀ ਲਗਾਇਆ। ਉਸ ਨੇ ਇਸ ਮੈਚ ਵਿੱਚ 159 ਗੇਂਦਾਂ ਵਿੱਚ 220 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੌਰਾਨ ਉਨ੍ਹਾਂ ਨੇ 10 ਚੌਕੇ ਅਤੇ 16 ਛੱਕੇ ਲਗਾਏ।
ਤੁਹਾਨੂੰ ਦੱਸ ਦੇਈਏ ਕਿ ਸ਼ਿਵਾ ਸਿੰਘ ਨੇ 49ਵਾਂ ਓਵਰ ਸੁੱਟਿਆ ਸੀ ਅਤੇ ਗਾਇਕਵਾੜ ਨੇ ਪਹਿਲੀਆਂ ਚਾਰ ਗੇਂਦਾਂ ‘ਤੇ ਛੱਕੇ ਜੜੇ ਸੀ। ਇਸ ਤੋਂ ਬਾਅਦ ਸ਼ਿਵਾ ਸਿੰਘ ਨੇ ਪੰਜਵੀਂ ਗੇਂਦ ‘ਤੇ ਨੋ ਬਾਲ ਸੁੱਟੀ ਅਤੇ ਗਾਇਕਵਾੜ ਨੇ ਉਸ ‘ਤੇ ਵੀ ਛੱਕਾ ਲਗਾਇਆ। ਇਸ ਤੋਂ ਬਾਅਦ ਗਾਇਕਵਾੜ ਨੇ ਪੰਜਵੀਂ ਅਤੇ ਛੇਵੀਂ ਗੇਂਦ ‘ਤੇ ਵੀ ਛੱਕੇ ਲਗਾ ਕੇ ਇੱਕ ਓਵਰ ‘ਚ ਸੱਤ ਛੱਕੇ ਮਾਰਨ ਦਾ ਕਾਰਨਾਮਾ ਕੀਤਾ।