ਇਸ ਸਮੇਂ ਗੁਜਰਾਤ ‘ਚ ਵਿਧਾਨ ਸਭਾ ਚੋਣ ਪ੍ਰਚਾਰ ਪੂਰੇ ਜ਼ੋਰਾਂ ‘ਤੇ ਹੈ ਅਤੇ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਨੇਤਾ ਚੋਣ ਰੈਲੀਆਂ ਕਰ ਰਹੇ ਹਨ। ਆਮ ਆਦਮੀ ਪਾਰਟੀ ਵੀ ਗੁਜਰਾਤ ਵਿੱਚ ਪਹਿਲੀ ਵਾਰ ਸਰਕਾਰ ਬਣਾਉਣ ਲਈ ਯਤਨ ਕਰ ਰਹੀ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਦੇ ਹੋਏ ਬਾਲੀਵੁੱਡ ਦੀ ਮਸ਼ਹੂਰ ਫਿਲਮ ਸ਼ੋਲੇ ਦਾ ਇੱਕ ਡਾਇਲਾਗ ਬੋਲਿਆ ਅਤੇ ਕਿਹਾ, ”ਅਬ ਮੀਲੋ ਦੂਰ ਕੋਈ ਭ੍ਰਿਸ਼ਟਾਚਾਰੀ ਰੋਤਾ ਹੈ ਤੋ ਉਸਕੀ ਮਾਂ ਕਹਿਤੀ ਹੈ…ਸੋਜਾ ਬੇਟਾ ਵਰਨਾ ਕੇਜਰੀਵਾਲ ਆ ਜਾਏਗਾ।”
ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਸਦ ਮੈਂਬਰ ਰਾਘਵ ਚੱਢਾ ਬੁੱਧਵਾਰ ਨੂੰ ਆਪਣੀ ਪਾਰਟੀ ਦੇ ਉਮੀਦਵਾਰ ਦੇ ਪ੍ਰਚਾਰ ਲਈ ਕਾਂਕਰੇਜ ਵਿਧਾਨ ਸਭਾ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਲੋਕ ਅਰਵਿੰਦ ਕੇਜਰੀਵਾਲ ਤੋਂ ਬੇਹੱਦ ਡਰੇ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਜਨਮ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਹੋਇਆ ਹੈ। ਸਿਰਫ਼ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਹੀ ਆਮ ਲੋਕਾਂ ਨੂੰ ਮਹਿੰਗਾਈ ਤੋਂ ਮੁਕਤ ਕਰਵਾ ਸਕਦੀ ਹੈ।