ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਪਹਿਲੀ ਵਾਰ ਜਲੰਧਰ ਪਹੁੰਚੇ ਸਨ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਸਾਰੇ ਛੇ ਵਿਧਾਇਕ ਕਾਂਗਰਸ ਭਵਨ ਪਹੁੰਚੇ ਹੋਏ ਸਨ। ਆਪਣੇ ਭਾਸ਼ਣ ਵਿੱਚ ਕਾਂਗਰਸੀ ਵਰਕਰਾਂ ਨੂੰ ਉਤਸ਼ਾਹਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜੋ ਵੀ ਹਨ, ਇਹਨਾਂ ਵਰਕਰਾਂ ਦੀ ਬਦੌਲਤ ਹਨ। ਇਸ ਦੌਰਾਨ ਵਿਧਾਇਕ ਰਜਿੰਦਰ ਬੇਰੀ ਅਤੇ ਸੁਸ਼ੀਲ ਰਿੰਕੂ ਜੋ ਉਨ੍ਹਾਂ ਤੋਂ ਦੂਰ ਰਹਿ ਰਹੇ ਸਨ, ਉਹ ਵੀ ਸੂਬਾ ਪ੍ਰਧਾਨ ਦੇ ਪ੍ਰੋਗਰਾਮ ਵਿੱਚ ਪਹੁੰਚੇ। ਇਸ ਦੌਰਾਨ ਖੇਤੀਬਾੜੀ ਕਾਨੂੰਨਾਂ ‘ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗਾ। ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੇ ਅਧਿਕਾਰਾਂ ਨੂੰ ਵਰਤ ਕੇ ਕਾਨੂੰਨ ਬਣਾਏ ਹਨ। ਇਸ ਦੇ ਨਾਲ ਹੀ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਨੂੰ SYL ਦੇ ਮੁੱਦੇ ‘ਤੇ ਲਏ ਸਟੈਂਡ ਦੀ ਤਰਾਂ ਕਿਸਾਨਾਂ ਦੇ ਮਸਲੇ ‘ਤੇ ਵੀ ਪੱਕਾ ਸਟੈਂਡ ਲੈਣ ਦੀ ਅਪੀਲ ਕੀਤੀ।
Raising the Voice of the People of Punjab | Jalandhar pic.twitter.com/ufwibVkeVb
— Navjot Singh Sidhu (@sherryontopp) July 29, 2021
ਸਿੱਧੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਬਿਜਲੀ ਦੇ ਸਮਝੌਤੇ ਵੀ ਰੱਦ ਹੋਣੇ ਚਾਹੀਦੇ ਹਨ। ਪੰਜਾਬ ਵਿੱਚ ਮਹਿੰਗੀ ਬਿਜਲੀ ਦਾ ਕਾਰਨ ਬਾਦਲ ਸਰਕਾਰ ਵੱਲੋਂ ਕੀਤੇ ਹੋਏ ਬਿਜਲੀ ਖਰੀਦ ਸਮਝੌਤੇ ਹਨ। ਸਿੱਧੂ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਬਿਜਲੀ ਮਾਡਲ ‘ਤੇ ਵੀ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ, ਪੱਛੜੇ ਵਰਗ, ਬੀਪੀਐਲ ਪਰਿਵਾਰਾਂ ਆਦਿ ਨੂੰ 10 ਹਜ਼ਾਰ ਕਰੋੜ ਦੀ ਸਬਸਿਡੀ ਦਿੰਦੀ ਹੈ। ਇਸ ਦੇ ਉਲਟ, ਦਿੱਲੀ ਸਿਰਫ਼ 1700 ਕਰੋੜ ਰੁਪਏ ਦੀ ਸਬਸਿਡੀ ਦਿੰਦੀ ਹੈ। ਪੰਜਾਬ ਵਿੱਚ ਉਦਯੋਗਿਕ ਅਤੇ ਵਪਾਰਕ ਬਿਜਲੀ ਦਿੱਲੀ ਨਾਲੋਂ ਸਸਤੀ ਹੈ।
ਸਿੱਧੂ ਨੇ ਕਿਹਾ ਕਿ ਪ੍ਰਧਾਨ ਬਣਨ ਤੋਂ ਬਾਅਦ ਉਹ ਮੁੱਖ ਮੰਤਰੀ ਨੂੰ ਮਿਲੇ ਸਨ। ਹਾਈ ਕਮਾਨ ਦੇ 18 ਨੁਕਤਿਆਂ ‘ਚੋਂ 5 ਨੁਕਤੇ ਉਨ੍ਹਾਂ ਨੇ CM ਅੱਗੇ ਰੱਖੇ ਹਨ। ਇਨ੍ਹਾਂ ‘ਚ, ਨਸ਼ਾ ਤਸਕਰਾਂ ਅਤੇ ਲਾਲ ਬੱਤੀ ਵਾਲੀ ਸਫੈਦ ਗੱਡੀ ਵਿੱਚ ਗਲਤ ਕੰਮ ਕਰਨ ਵਾਲਿਆਂ ਦੀਆਂ ਪੋਲਾਂ ਖੋਲ੍ਹਣ ਨੂੰ ਕਿਹਾ ਗਿਆ ਹੈ। ਬੇਅਦਵੀ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਸੂਬੇ ‘ਚ ਹੜਤਾਲ ‘ਤੇ ਬੈਠੇ ਸਰਕਾਰੀ ਕਰਮਚਾਰੀਆਂ ਨਾਲ ਗੱਲਬਾਤ ਕਰਨ ਅਤੇ ਦਿਲਾਂ ਦੇ ਦਰਵਾਜ਼ੇ ਖੋਲ੍ਹਣ ਲਈ ਕਿਹਾ ਗਿਆ ਹੈ। ਕੈਪਟਨ ਤੋਂ ਇੰਨਾਂ ਮੁੱਦਿਆਂ ‘ਤੇ ਸੂਬੇ ਦੀ ਵਿੱਤੀ ਸਥਿਤੀ ਦੇ ਅਨੁਸਾਰ ਫੈਸਲਾ ਲੈਣ ਦੀ ਮੰਗ ਕੀਤੀ ਗਈ ਹੈ।