ਇੰਡੋਨੇਸ਼ੀਆ ‘ਚ ਮੁੜ ਭੂਚਾਲ ਦੇ ਝਟਕਿਆਂ ਨੇ ਪੂਰੇ ਦੇਸ਼ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸੋਮਵਾਰ ਨੂੰ ਇੱਥੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.6 ਮਾਪੀ ਗਈ ਹੈ। ਇਹ ਤੇਜ਼ ਝਟਕੇ ਕਈ ਸਕਿੰਟਾਂ ਤੱਕ ਮਹਿਸੂਸ ਕੀਤੇ ਗਏ ਸਨ। ਜਾਣਕਾਰੀ ਮੁਤਾਬਿਕ ਇਸ ਭੂਚਾਲ ਦਾ ਕੇਂਦਰ ਪੱਛਮੀ ਜਾਵਾ ਦੇ ਸਿਯਾਨੁਜਾਰ ‘ਚ ਜ਼ਮੀਨ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ‘ਤੇ ਸੀ। ਮੌਸਮ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਕਿਹਾ ਕਿ ਫਿਲਹਾਲ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ‘ਚ ਹੁਣ ਤੱਕ ਕਰੀਬ 61 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 700 ਦੇ ਕਰੀਬ ਲੋਕ ਜ਼ਖਮੀ ਹੋਏ ਹਨ।
ਜਕਾਰਤਾ ਵਿੱਚ ਜਦੋਂ ਇਹ ਭੂਚਾਲ ਆਇਆ ਤਾਂ ਉਸ ਸਮੇਂ ਬਹੁਤ ਸਾਰੇ ਲੋਕ ਆਪਣੇ ਦਫ਼ਤਰਾਂ ਵਿੱਚ ਕੰਮ ਕਰ ਰਹੇ ਸਨ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਕਈ ਇਮਾਰਤਾਂ ਹਿੱਲਣ ਲੱਗੀਆਂ। ਇਸ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਭੂਚਾਲ ਕਾਰਨ ਇਮਾਰਤਾਂ ਵਿੱਚ ਰੱਖਿਆ ਫਰਨੀਚਰ ਵੀ ਆਪਣੀ ਥਾਂ ਤੋਂ ਹਿੱਲਣ ਲੱਗਾ। 22 ਸਾਲਾ ਵਕੀਲ ਨੇ ਕਿਹਾ ਕਿ ਲੋਕ ਇੰਨੇ ਘਬਰਾ ਗਏ ਸਨ ਕਿ ਉਹ ਬਾਹਰ ਨਿਕਲਣ ਲਈ ਰਸਤਾ ਤਲਾਸ਼ ਕਰ ਰਹੇ ਸਨ। ਉਹ ਜਲਦੀ ਤੋਂ ਜਲਦੀ ਇਮਾਰਤ ਤੋਂ ਬਾਹਰ ਨਿਕਲਣਾ ਚਾਹੁੰਦੇ ਸੀ। ਇਸ ਤੋਂ ਪਹਿਲਾਂ ਪੱਛਮੀ ਇੰਡੋਨੇਸ਼ੀਆ ‘ਚ ਸ਼ੁੱਕਰਵਾਰ ਰਾਤ ਨੂੰ ਸਮੁੰਦਰ ਦੇ ਹੇਠਾਂ ਜ਼ਬਰਦਸਤ ਭੂਚਾਲ ਆਇਆ ਸੀ ਪਰ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਸੀ।