ਨਿਊਜ਼ੀਲੈਂਡ ਨੇ ਆਈਸੀਸੀ ਟੀ-20 ਵਿਸ਼ਵ ਕੱਪ-2022 ਦੇ ਸੁਪਰ-12 ਪੜਾਅ ਦੇ ਪਹਿਲੇ ਮੈਚ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਇਸ ਸ਼ਾਨਦਾਰ ਖੇਡ ਦੇ ਦਮ ‘ਤੇ ਪਿਛਲੀ ਵਾਰ ਦੀ ਇਹ ਉਪ ਜੇਤੂ ਟੀਮ ਇਸ ਵਾਰ ਵੀ ਸੈਮੀਫਾਈਨਲ ‘ਚ ਪਹੁੰਚੀ ਸੀ ਪਰ ਇੱਥੇ ਕਮਾਲ ਨਹੀਂ ਦਿਖਾ ਸਕੀ ਅਤੇ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ‘ਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਖਿਲਾਫ ਮੈਚ ‘ਚ ਜਿੱਤ ਦੇ ਨਾਲ ਹੀ ਪਾਕਿਸਤਾਨ ਦੀ ਟੀਮ ਇਸ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚ ਗਈ ਹੈ।
ਇਸ ਦੇ ਨਾਲ ਹੀ ਪਾਕਿਸਤਾਨ ਟੀਮ ਨੇ ਇਸ ਜਿੱਤ ਦੇ ਨਾਲ ਹੀ ਇੱਕ ਵੱਡਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ ਹੈ। ਦਰਅਸਲ, ਪਾਕਿਸਤਾਨ ਨੇ ਟੀ-20 ਇੰਟਰਨੈਸ਼ਨਲ ‘ਚ ਵਿਰੋਧੀ ਟੀਮ ਦੇ ਖਿਲਾਫ ਸਭ ਤੋਂ ਜ਼ਿਆਦਾ ਵਾਰ ਮੈਚ ਜਿੱਤਣ ਦਾ ਰਿਕਾਰਡ ਬਣਾਇਆ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਸਿਡਨੀ ‘ਚ ਖੇਡੇ ਗਏ ਸੈਮੀਫਾਈਨਲ ਮੈਚ ‘ਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਬਾਬਰ ਆਜ਼ਮ ਦੀ ਟੀਮ ਨੂੰ 153 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਪਾਕਿਸਤਾਨ ਨੇ 5 ਗੇਂਦਾਂ ਪਹਿਲਾਂ 3 ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ। ਪਾਕਿਸਤਾਨ ਦੀ ਜਿੱਤ ਵਿੱਚ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਦੀ ਜੋੜੀ ਦਾ ਵੱਡਾ ਹੱਥ ਸੀ। ਦੋਵਾਂ ਨੇ 117 ਦੌੜਾਂ ਦੀ ਬੇਮਿਸਾਲ ਸਾਂਝੇਦਾਰੀ ਕੀਤੀ। 13 ਨਵੰਬਰ ਨੂੰ ਹੋਣ ਵਾਲੇ ਫਾਈਨਲ ਵਿੱਚ ਹੁਣ ਪਾਕਿਸਤਾਨ ਦਾ ਸਾਹਮਣਾ 10 ਨਵੰਬਰ ਨੂੰ ਇੰਗਲੈਂਡ ਅਤੇ ਭਾਰਤ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ।