ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਹਨ ਪਰ ਸਿੱਧੂ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਮਨਾਂ ਵਿੱਚ ਅਮਰ ਹੈ। ਮੰਗਲਵਾਰ ਨੂੰ ਸਿੱਧੂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਭਾਰੀ ਉਤਸ਼ਾਹ ਹੈ। ਤੁਹਾਨੂੰ ਦੱਸ ਦੇਈਏ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਸਿੱਧੂ ਦਾ ਦੂਜਾ ਗੀਤ ਹੈ। ਜਿਸ ਨੂੰ ਰਿਲੀਜ਼ ਹੁੰਦਿਆਂ ਹੀ ਬਹੁਤ ਪਿਆਰ ਮਿਲਿਆ ਹੈ। ਪਿਛਲੇ ਦਿਨੀਂ ਸਿੱਧੂ ਦੇ ਅਧਿਕਾਰਤ ਇੰਸਟਾਗ੍ਰਾਮ ‘ਤੇ ਇੱਕ ਸਟੇਟਸ ਅਪਡੇਟ ਕੀਤਾ ਗਿਆ ਸੀ, ਜਿਸ ‘ਚ ਗੀਤ ‘ਵਾਰ’ ਦਾ ਜ਼ਿਕਰ ਕੀਤਾ ਗਿਆ ਸੀ। ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ, ਲੋਕ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦਾ ਦੂਜਾ ਗੀਤ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਰਿਲੀਜ਼ ਹੋਇਆ ਹੈ। ਇਹ ਸਵੇਰੇ 10:02 ਵਜੇ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਪਰ ਗੀਤ ਦੇ ਲਿੰਕ ਨੂੰ ਰਿਲੀਜ਼ ਹੋਣ ਤੋਂ 1 ਮਿੰਟ ਪਹਿਲਾਂ ਤੱਕ 1.96 ਲੱਖ ਲਾਈਕਸ ਅਤੇ 1.69 ਵਿਊਜ਼ ਮਿਲ ਚੁੱਕੇ ਸਨ, ਜਦਕਿ ਰਿਲੀਜ਼ ਦੇ 20 ਮਿੰਟਾਂ ਵਿੱਚ ਹੀ 10.94 ਲੱਖ ਲੋਕਾਂ ਨੇ ਇਸ ਨੂੰ ਸੁਣਿਆ। ਜਾਣੀ ਕਿ ਕੁਝ ਹੀ ਮਿੰਟਾਂ ਵਿੱਚ ਇਸ ਗੀਤ ਨੂੰ 1 ਮਿਲੀਅਨ ਵਿਊਜ਼ ਮਿਲ ਚੁੱਕੇ ਸਨ। ਇਸ ਗੀਤ ਦਾ ਟਾਈਟਲ ‘ਵਾਰ’ ਰੱਖਿਆ ਗਿਆ ਹੈ। ਇਹ ਗੀਤ ਵੀ ਅਸਲ ਵਿੱਚ ਇੱਕ ‘ਵਾਰ’ ਹੈ, ਜੋ ਪੰਜਾਬ ਦੇ ਸੂਰਬੀਰ ਯੋਧੇ ਹਰੀ ਸਿੰਘ ਨਲਵਾ ਲਈ ਗਾਈ ਗਈ ਹੈ। ਇਹ ਗੀਤ ਸਿੱਧੂ ਮੂਸੇਵਾਲਾ ਨੇ ਗਾਇਆ ਸੀ ਪਰ ਰਿਲੀਜ਼ ਤੋਂ ਪਹਿਲਾਂ ਹੀ ਸਿੱਧੂ ਦਾ ਕਤਲ ਕਰ ਦਿੱਤਾ ਗਿਆ ਸੀ।
ਜਾਣੋ ਕੌਣ ਹੈ ਹਰੀ ਸਿੰਘ ਨਲੂਆ
ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਫੌਜ ਮੁਖੀ ਸਨ। ਮਹਾਨ ਜਰਨੈਲ ਹਰੀ ਸਿੰਘ ਨਲੂਆ ਨੇ ਪਠਾਣਾਂ ਵਿਰੁੱਧ ਕਈ ਯੁੱਧਾਂ ਦੀ ਅਗਵਾਈ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਤ ਦਿਵਾਈ। ਹਰੀ ਸਿੰਘ ਨਲੂਆ ਨੂੰ ਭਾਰਤ ਦੇ ਸਰਵੋਤਮ ਯੋਧਿਆਂ ਵਿੱਚ ਸਥਾਨ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਅਗਵਾਈ ਵਿਚ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ ਅਤੇ ਜਮਰੌਦ ਦੀਆਂ ਲੜਾਈਆਂ ਜਿੱਤੀਆਂ ਗਈਆਂ ਸਨ। ਇਹ ਉਨ੍ਹਾਂ ਦੀ ਅਗਵਾਈ ਦੇ ਕਾਰਨ ਸੀ ਕਿ ਸਿੱਖ ਸਾਮਰਾਜ ਦੀ ਸਰਹੱਦ ਸਿੰਧ ਦਰਿਆ ਤੋਂ ਪਾਰ ਖੈਬਰ ਤੱਕ ਫੈਲ ਗਈ ਸੀ। ਇੰਨ੍ਹਾਂ ਹੀ ਨਹੀਂ ਹਰੀ ਸਿੰਘ ਨਲੂਆ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨਾਲ ਸ਼ਿਕਾਰ ‘ਤੇ ਗਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਦਾ ਸਾਹਮਣਾ ਇੱਕ ਸ਼ੇਰ ਨਾਲ ਹੋ ਗਿਆ ਸੀ ਇਸ ਦੌਰਾਨ ਹਰੀ ਸਿੰਘ ਨਲੂਆ ਨੇ ਲੜਦੇ ਹੋਏ ਆਪਣੇ ਹੱਥਾਂ ਨਾਲ ਸ਼ੇਰ ਦਾ ਜਬਾੜਾ ਪਾੜ ਦਿੱਤਾ ਸੀ।
ਉੱਥੇ ਜੇਕਰ ਸਿੱਧੂ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਹ ਸਿੱਧੂ ਮੂਸੇਵਾਲਾ ਦਾ ਉਨ੍ਹਾਂ ਦੀ ਮੌਤ ਤੋਂ ਬਾਅਦ ਦੂਜਾ ਗੀਤ ਹੈ। ਇਸ ਤੋਂ ਪਹਿਲਾ ਸਿੱਧੂ ਦੇ ਐਸ.ਵਾਈ.ਐਲ (ਸਤਲੁਜ-ਯਮੁਨਾ ਲਿੰਕ ਨਹਿਰ) ‘ਤੇ ਅਧਾਰਿਤ ਗੀਤ ਨੂੰ ਸਿੱਧੂ ਦੇ ਪਿਤਾ ਜੀ ਦੀ ਅਗਵਾਈ ਹੇਠ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ ਗਿਆ ਸੀ। SYL ਮੁੱਦਾ ਅਜੇ ਵੀ ਪੰਜਾਬ ਅਤੇ ਹਰਿਆਣਾ ਦਰਮਿਆਨ ਤਣਾਅ ਪੈਦਾ ਕਰ ਰਿਹਾ ਹੈ। ਇਸ ਗੀਤ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਵੀ ਸੁਰਖੀਆਂ ‘ਚ ਆ ਗਏ ਸਨ ਪਰ ਇਸ ਗੀਤ ‘ਤੇ ਭਾਰਤ ਸਰਕਾਰ ਨੇ ਦੋ ਦਿਨਾਂ ਬਾਅਦ ਪਾਬੰਦੀ ਲਗਾ ਦਿੱਤੀ ਸੀ। ਪਰ ਸਿਰਫ ਦੋ ਦਿਨਾਂ ‘ਚ ਇਸ ਗੀਤ ਨੂੰ 2.7 ਕਰੋੜ ਵਿਊਜ਼ ਮਿਲੇ ਸਨ। ਇਹ ਗੀਤ ਅੱਜ ਵੀ ਦੇਸ਼-ਵਿਦੇਸ਼ ਵਿੱਚ ਬਹੁਤ ਸੁਣਿਆ ਜਾਂਦਾ ਹੈ।