ਪੰਜਾਬ ਦੇ ਅੰਮ੍ਰਿਤਸਰ ‘ਚ ਸ਼ੁੱਕਰਵਾਰ ਨੂੰ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਦੇ ਮਾਮਲੇ ‘ਚ ਪੰਜਾਬ ਭਰ ਦੇ ਹਿੰਦੂ ਨੇਤਾਵਾਂ ਵਲੋਂ ਪੰਜਾਬ ਸਰਕਾਰ ਅਤੇ ਵਾਰਿਸ ਪੰਜਾਬ ਦੇ ਜੱਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੋਗਾ ‘ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਜਲੰਧਰ ਵਿੱਚ ਇੱਕ ਸਮਾਗਮ ਵਿੱਚ ਸ਼ਿਰਕਤ ਕਰਨੀ ਸੀ ਪਰ ਸੁਰੱਖਿਆ ਕਾਰਨਾਂ ਅਤੇ ਵਿਗੜਦੇ ਹਾਲਾਤਾਂ ਕਾਰਨ ਮੋਗਾ ਦੇ ਸਿੰਘਾ ਪਿੰਡ ਨੇੜੇ ਗੁਰਦੁਆਰਾ ਡੇਰਾ ਭਾਈ ਸੇਵਾ ਘਰ ਵਿੱਚ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਘਰ ਦੇ ਅੰਦਰ ਅਤੇ ਬਾਹਰ ਅਤੇ ਛੱਤ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸੁਧੀਰ ਸੂਰੀ ਦੇ ਪਰਿਵਾਰ ਦੀ ਹੁਣ ਅੰਤਿਮ ਸੰਸਕਾਰ ਨੂੰ ਲੈ ਕੇ ਪ੍ਰਸ਼ਾਸਨ ਨਾਲ ਸਹਿਮਤੀ ਬਣ ਗਈ ਹੈ। ਇਸ ਵਿੱਚ ਉਨ੍ਹਾਂ ਦੀ ਮੰਗ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਪਰਿਵਾਰ ਦਾ ਦਾਅਵਾ ਹੈ ਕਿ ਪ੍ਰਸ਼ਾਸਨ ਨੇ ਸੁਧੀਰ ਸੂਰੀ ਦੇ ਕਤਲ ਕੇਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਭਰੋਸਾ ਦਿੱਤਾ ਹੈ। ਜਿਸ ਤੋਂ ਬਾਅਦ ਪਰਿਵਾਰ ਸੰਸਕਾਰ ਲਈ ਰਾਜ਼ੀ ਹੋ ਗਿਆ ਹੈ।