ਬਾਲੀਵੁੱਡ ਦੇ ‘ਦਬੰਗ’ ਅਦਾਕਾਰ ਸਲਮਾਨ ਖਾਨ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ‘ਚ ਵਾਧਾ ਕਰ ਦਿੱਤਾ ਗਿਆ ਹੈ। ਸਲਮਾਨ ਖਾਨ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੇ ਖੁਫੀਆ ਵਿਭਾਗ ਦੀ ਜਾਣਕਾਰੀ ਦੇ ਆਧਾਰ ‘ਤੇ Y+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਦਰਅਸਲ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਨ੍ਹਾਂ ਧਮਕੀਆਂ ਦੇ ਮੱਦੇਨਜ਼ਰ ਸਲਮਾਨ ਖਾਨ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਇਨ੍ਹੀਂ ਦਿਨੀਂ ਮਸ਼ਹੂਰ ਟੀਵੀ ਸ਼ੋਅ ਬਿੱਗ ਬੌਸ ਦੇ 16ਵੇਂ ਸੀਜ਼ਨ ਨੂੰ ਹੋਸਟ ਕਰ ਰਹੇ ਹਨ।
ਜਾਣਕਾਰੀ ਮੁਤਾਬਿਕ ਸਲਮਾਨ ਖਾਨ ਤੋਂ ਇਲਾਵਾ ਮਹਾਰਾਸ਼ਟਰ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਜੂਨ ਮਹੀਨੇ ‘ਚ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਦੇ ਨਾਂ ‘ਤੇ ਧਮਕੀ ਭਰਿਆ ਪੱਤਰ ਆਇਆ ਸੀ। ਇਹ ਚਿੱਠੀ ਸਲੀਮ ਖਾਨ ਨੂੰ ਸਵੇਰ ਦੀ ਸੈਰ ਦੌਰਾਨ ਮਿਲੀ ਸੀ, ਜਿਸ ‘ਚ ਸਲਮਾਨ ਦਾ ‘ਮੂਸੇਵਾਲੇ’ ਵਾਂਗ ਹਾਲ ਕਰਨ ਦੀ ਧਮਕੀ ਦਿੱਤੀ ਸੀ। ਇਸ ਦੇ ਨਾਲ ਹੀ ਜਦੋਂ ਮੁੰਬਈ ਪੁਲਿਸ ਨੇ ਲਾਰੇਂਸ ਬਿਸ਼ਨੋਈ ਗੈਂਗ ਦੇ ਅੜਿੱਕੇ ਆਏ ਗੈਂਗਸਟਰਾਂ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਸਲਮਾਨ ਖਾਨ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ।
ਦੱਸ ਦੇਈਏ ਸਲਮਾਨ ਖਾਨ ਨੂੰ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਜਿਸ ਕਾਰਨ ਪੁਲਿਸ ਨੇ ਸਾਵਧਾਨੀ ਵਰਤਦਿਆਂ ਸਲਮਾਨ ਖਾਨ ਦੀ ਸੁਰੱਖਿਆ ‘ਚ ਵਾਧਾ ਕਰ ਦਿੱਤਾ ਹੈ। ਇੱਕ ਖਾਸ ਗੱਲ ਇਹ ਵੀ ਹੈ ਕਿ ਸਲਮਾਨ ਨੂੰ ਧਮਕੀ ਦੇਣ ਤੋਂ ਬਾਅਦ ਉਨ੍ਹਾਂ ਦੇ ਵਕੀਲ ਹਸਤੀਮਲ ਸਾਰਸਵਤ ਨੂੰ ਵੀ ਲਾਰੈਂਸ ਗੈਂਗ ਨੇ ਧਮਕੀ ਦਿੱਤੀ ਸੀ। ਧਮਕੀ ਭਰੀ ਚਿੱਠੀ ‘ਚ ਲਿਖਿਆ ਸੀ ਕਿ, ‘ਦੁਸ਼ਮਣ ਦਾ ਦੋਸਤ ਦੁਸ਼ਮਣ ਹੀ ਹੁੰਦਾ ਹੈ। ਅਸੀਂ ਕਿਸੇ ਨੂੰ ਨਹੀਂ ਛੱਡਾਂਗੇ। ਤੇਰੇ ਪਰਿਵਾਰ ਨੂੰ ਵੀ ਨਹੀਂ। ਛੇਤੀ ਹੀ ਤੇਰਾ ਵੀ ਹਾਲ ਸਿੱਧੂ ਮੂਸੇਵਾਲੇ ਵਰਗਾ ਹੋਵੇਗਾ।
ਲਾਰੈਂਸ ਨੇ ਸਲਮਾਨ ਨੂੰ ਮਾਰਨ ਦੀ 4 ਵਾਰ ਯੋਜਨਾ ਬਣਾਈ ਹੈ। ਇਸਦੇ ਲਈ ਉਸਨੇ ਇੱਕ ਰਾਈਫਲ ਵੀ ਖਰੀਦੀ ਸੀ। ਲਾਰੈਂਸ ਨੇ 2018 ‘ਚ ਸਲਮਾਨ ਨੂੰ ਮਾਰਨ ਲਈ ਸ਼ੂਟਰ ਸੰਪਤ ਨਹਿਰਾ ਨੂੰ ਮੁੰਬਈ ਭੇਜਿਆ ਸੀ। ਸੰਪਤ ਕੋਲ ਪਿਸਤੌਲ ਸੀ। ਹਾਲਾਂਕਿ ਸਲਮਾਨ ਪਿਸਤੌਲ ਦੀ ਰੇਂਜ ਤੋਂ ਕਾਫੀ ਦੂਰ ਸਨ। ਇਸ ਲਈ ਉਹ ਉਨ੍ਹਾਂ ਨੂੰ ਮਾਰ ਨਹੀਂ ਸਕਦਾ ਸੀ। ਇਸ ਤੋਂ ਬਾਅਦ ਉਸ ਨੇ ਲੰਬੀ ਰੇਂਜ ਵਾਲੀ ਰਾਈਫਲ ਖਰੀਦੀ। ਸੰਪਤ ਫਿਰ ਸਲਮਾਨ ਨੂੰ ਮਾਰਨ ਲਈ ਆਇਆ, ਪਰ ਉਸ ਦੇ ਮਾਰਨ ਤੋਂ ਪਹਿਲਾਂ ਹੀ ਉਹ ਫੜਿਆ ਗਿਆ। ਇਸ ਤੋਂ ਬਾਅਦ ਲਾਰੇਂਸ ਨੇ 2 ਹੋਰ ਵਾਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸਲਮਾਨ ਨੂੰ ਮਾਰਨ ਦਾ ਮੌਕਾ ਨਹੀਂ ਮਿਲਿਆ।
ਜੇਕਰ Y+ ਸੁਰੱਖਿਆ ਦੀ ਗੱਲ ਕਰੀਏ ਤਾਂ, ਇਸ ਸੁਰੱਖਿਆ ਸ਼੍ਰੇਣੀ ‘ਚ ਕੁੱਲ 11 ਲੋਕ ਹਨ, ਜਿਨ੍ਹਾਂ ‘ਚ 2 ਕਮਾਂਡੋ ਅਤੇ 2 ਪੀ.ਐੱਸ.ਓਜ਼ ਅਤੇ ਬਾਕੀ ਹੋਰ ਪੁਲਿਸ ਕਰਮਚਾਰੀ ਹਨ। ਯਾਨੀ ਹੁਣ ਸਲਮਾਨ ਦੀ ਸੁਰੱਖਿਆ ਲਈ 11 ਜਵਾਨ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ।