ਚੀਨੀ ਰਾਕੇਟ ਦੇ ਅਸਫਲ ਲਾਂਚ ਤੋਂ ਬਾਅਦ ਵਿਗਿਆਨੀਆਂ ਦੀਆਂ ਚੇਤਾਵਨੀਆਂ ਦੇ ਵਿਚਕਾਰ ਸਪੇਨ ਦੇ ਕਈ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇੱਕ ਬੇਕਾਬੂ 23 ਟਨ ਦਾ ਚੀਨੀ ਰਾਕੇਟ ਤੇਜ਼ੀ ਨਾਲ ਧਰਤੀ ਵੱਲ ਵੱਧ ਰਿਹਾ ਹੈ। ਇਸ ਦਾ ਮਲਬਾ ਕਿਸੇ ਵੀ ਸਮੇਂ ਧਰਤੀ ‘ਤੇ ਡਿੱਗ ਸਕਦਾ ਹੈ, ਜਿਸ ਕਾਰਨ ਕਈ ਦੇਸ਼ਾਂ ਲਈ ਗੰਭੀਰ ਖਤਰਾ ਵੀ ਬਣਿਆ ਹੋਇਆ ਹੈ। ਕੋਈ ਨਹੀਂ ਜਾਣਦਾ ਕਿ ਇਸ ਰਾਕੇਟ ਦਾ ਮਲਬਾ ਕਿੱਥੇ ਆ ਕੇ ਡਿੱਗੇਗਾ। ਦੱਸਿਆ ਜਾ ਰਿਹਾ ਹੈ ਕਿ ਰਾਕੇਟ ਦਾ ਮਲਬਾ ਯੂਰਪ ਦੇ ਕੁੱਝ ਹਿੱਸਿਆਂ ‘ਤੇ ਉੱਡੇਗਾ। ਇਸ ਦੇ ਮੱਦੇਨਜ਼ਰ ਯੂਰਪ ਦੇ ਦੇਸ਼ ਅਲਰਟ ਹੋ ਗਏ ਹਨ। ਇਸ ਕੜੀ ਵਿੱਚ, ਸਪੇਨ ਨੇ ਇਹਤਿਆਤ ਵਜੋਂ ਕਈ ਹਵਾਈ ਅੱਡਿਆਂ ‘ਤੇ ਉਡਾਣਾਂ ਦੇ ਸੰਚਾਲਨ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਚੀਨੀ ਰਾਕੇਟ ਮੇਂਗਸ਼ਾਨ ਨੂੰ ਸੋਮਵਾਰ ਦੁਪਹਿਰ ਨੂੰ ਦੱਖਣੀ ਟਾਪੂ ਸੂਬੇ ਹੈਨਾਨ ਦੇ ਵੇਨਚਾਂਗ ਸੈਟੇਲਾਈਟ ਲਾਂਚ ਸੈਂਟਰ ਤੋਂ ਭੇਜਿਆ ਗਿਆ ਸੀ। ਚੀਨੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਰਾਕੇਟ ਨੂੰ ਪੁਲਾੜ ਸਟੇਸ਼ਨ ਤੱਕ ਪਹੁੰਚਣ ਵਿੱਚ 13 ਘੰਟੇ ਦਾ ਸਮਾਂ ਲੱਗਾ ਹੋਵੇਗਾ। ਮੇਂਗਸ਼ਾਨ ਦਾ ਭਾਰ ਲਗਭਗ 23 ਟਨ, ਉਚਾਈ 58.7 ਫੁੱਟ ਅਤੇ ਮੋਟਾਈ 13.8 ਫੁੱਟ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਵਿਗਿਆਨੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਰਾਕੇਟ 5 ਨਵੰਬਰ ਨੂੰ ਵਾਯੂਮੰਡਲ ‘ਚ ਡਿੱਗੇਗਾ। ਪਰ ਇਸ ਦਾ ਮਲਬਾ ਧਰਤੀ ਵਿੱਚ ਕਿਤੇ ਵੀ ਟੁੱਟ ਕੇ ਡਿੱਗ ਸਕਦਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨੀ ਰਾਕੇਟ ਬੇਲਗਾਮ ਹੋਇਆ ਹੋਵੇ। ਇਸ ਤੋਂ ਪਹਿਲਾਂ ਇਸ ਸਾਲ ਜੁਲਾਈ ‘ਚ ਵੀ ਚੀਨ ਦਾ ਇੱਕ ਰਾਕੇਟ ਲਾਂਚ ਹੋਣ ਤੋਂ ਬਾਅਦ ਧਰਤੀ ‘ਤੇ ਵਾਪਿਸ ਆਇਆ ਸੀ। ਉਦੋਂ ਇਸ ਚੀਨੀ ਰਾਕੇਟ ਲਾਂਗ ਮਾਰਚ 5ਬੀ ਦਾ ਮਲਬਾ ਮਲੇਸ਼ੀਆ ਅਤੇ ਆਸਪਾਸ ਦੇ ਦੇਸ਼ਾਂ ਵਿੱਚ ਡਿੱਗਿਆ ਸੀ।