ਟੀ-20 ਵਿਸ਼ਵ ਕੱਪ ਦੇ 36ਵੇਂ ਮੈਚ ‘ਚ ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਮੀਂਹ ਨਾਲ ਪ੍ਰਭਾਵਿਤ ਮੈਚ ‘ਚ 33 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਪਾਕਿਸਤਾਨ ਨੇ 2022 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਵੀ ਜ਼ਿੰਦਾ ਰੱਖੀਆਂ ਹਨ। ਇਸ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਨੀਦਰਲੈਂਡ ਨੂੰ ਹਰਾਇਆ ਸੀ। ਇਸ ਦੇ ਨਾਲ ਹੀ ਟੀ-20 ਵਿਸ਼ਵ ਕੱਪ ਦੇ ਸੁਪਰ-12 ਦੇ ਗਰੁੱਪ ਬੀ ਦੇ ਅੰਕ ਸੂਚੀ ਵਿੱਚ ਪਾਕਿਸਤਾਨ ਦੇ 4 ਅੰਕ ਹਨ। ਇਸ ਜਿੱਤ ਨਾਲ ਪਾਕਿਸਤਾਨ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ।
ਜੇਕਰ ਹੁਣ ਦੱਖਣੀ ਅਫਰੀਕਾ ਦੀ ਟੀਮ ਨੀਦਰਲੈਂਡ ਦੇ ਖਿਲਾਫ ਮੈਚ ‘ਚ ਹਾਰ ਜਾਂਦੀ ਹੈ ਤਾਂ ਪਾਕਿਸਤਾਨ ਦੀ ਟੀਮ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਵੇਗੀ। ਇਸ ਦੇ ਨਾਲ ਹੀ ਇਸ ਗਰੁੱਪ ਵਿੱਚ ਨੈੱਟ ਰਨ ਰੇਟ ਵੀ ਬਹੁਤ ਮਹੱਤਵਪੂਰਨ ਹੋ ਗਿਆ ਹੈ। ਇਸ ਤੋਂ ਇਲਾਵਾ ਜੇਕਰ ਜ਼ਿੰਬਾਬਵੇ ਦੀ ਟੀਮ ਭਾਰਤ ਨੂੰ ਹਰਾਉਂਦੀ ਹੈ ਅਤੇ ਪਾਕਿਸਤਾਨ ਬੰਗਲਾਦੇਸ਼ ਖਿਲਾਫ ਮੈਚ ‘ਚ ਨੈੱਟ ਰਨ ਰੇਟ ‘ਚ ਸੁਧਾਰ ਕਰਦੀ ਹੈ ਤਾਂ ਵੀ ਸੈਮੀਫਾਈਨਲ ‘ਚ ਪਹੁੰਚ ਜਾਵੇਗੀ।