ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਤੇਲੰਗਾਨਾ ਵਿੱਚ ਲਗਾਤਾਰ ਜਾਰੀ ਹੈ। ਇਸ ਦੌਰਾਨ ਅਦਾਕਾਰਾ ਪੂਨਮ ਕੌਰ ਵੀ ਰਾਹੁਲ ਦੀ ਭਾਰਤ ਜੋੜੋ ਯਾਤਰਾ ‘ਚ ਸ਼ਾਮਿਲ ਹੋਈ ਅਤੇ ਰਾਹੁਲ ਦਾ ਹੱਥ ਫੜੀ ਨਜ਼ਰ ਆਈ। ਰਾਹੁਲ ਗਾਂਧੀ ਨਾਲ ਅਦਾਕਾਰਾ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਦਾਕਾਰਾ ਨੇ ਤੇਲੰਗਾਨਾ ਦੇ ਮਹਿਬੂਬਨਗਰ ਦੇ ਧਰਮਪੁਰ ਵਿੱਚ ਕਾਂਗਰਸ ਦੀ ਪਦਯਾਤਰਾ ਵਿੱਚ ਹਿੱਸਾ ਲਿਆ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਜ਼ਹਰੂਦੀਨ ਨੂੰ ਵੀ ਰਾਹੁਲ ਗਾਂਧੀ ਨਾਲ ਯਾਤਰਾ ਕਰਦੇ ਦੇਖਿਆ ਗਿਆ ਸੀ। ਅਜ਼ਹਰੂਦੀਨ ਨੇ ਰਾਜ ਦੇ ਨਰਾਇਣਪੇਟ ਜ਼ਿਲੇ ‘ਚ ਯਾਤਰਾ ‘ਚ ਹਿੱਸਾ ਲਿਆ ਸੀ।
ਤੇਲੰਗਾਨਾ ਵਿੱਚ ਭਾਰਤ ਜੋੜੋ ਯਾਤਰਾ ਦਾ ਅੱਜ ਚੌਥਾ ਦਿਨ ਹੈ, ਜਦੋਂ ਅਦਾਕਾਰਾ ਪੂਨਮ ਕੌਰ ਨੇ ਸ਼ਿਰਕਤ ਕੀਤੀ। ਪੂਨਮ ਕੌਰ ਇਸ ਤੋਂ ਪਹਿਲਾਂ ਤੇਲਗੂ ਦੇਸ਼ਮ ਪਾਰਟੀ ਲਈ ਕੰਮ ਕਰ ਚੁੱਕੀ ਹੈ। ਪੂਨਮ ਨੂੰ 2017 ਵਿੱਚ ਆਂਧਰਾ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਦੁਆਰਾ ਰਾਜ ਹੈਂਡਲੂਮ ਲਈ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਭਾਜਪਾ ਨੇਤਾਵਾਂ ਨਾਲ ਵੀ ਦੇਖਿਆ ਗਿਆ ਸੀ। ਹੁਣ ਇਸ ਅਦਾਕਾਰਾ ਨੇ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ‘ਚ ਸ਼ਾਮਿਲ ਹੋ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਕਾਂਗਰਸ ਸੂਤਰਾਂ ਮੁਤਾਬਿਕ ਪੂਨਮ ਕੌਰ ਹੈਂਡਲੂਮ ਵਰਕਰਾਂ ਦੀਆਂ ਸਮੱਸਿਆਵਾਂ ਦੱਸਣ ਲਈ ਰਾਹੁਲ ਗਾਂਧੀ ਕੋਲ ਪਹੁੰਚੀ ਸੀ। ਸੱਤਾ ‘ਚ ਆਉਣ ‘ਤੇ ਕਾਂਗਰਸ ਨੇਤਾ ਨੇ ਹੈਂਡਲੂਮ ਉਤਪਾਦਾਂ ‘ਤੇ GST ਖਤਮ ਕਰਨ ਦਾ ਵਾਅਦਾ ਕੀਤਾ ਸੀ। ਚਾਰ ਦਿਨਾਂ ਦੀ ਦੀਵਾਲੀ ਦੇ ਬ੍ਰੇਕ ਤੋਂ ਬਾਅਦ ਸ਼ਨੀਵਾਰ ਨੂੰ ਧਰਮਪੁਰ ਤੋਂ ਕਾਂਗਰਸ ਦੀ ਭਾਰਤ ਜੋੜੀ ਯਾਤਰਾ ਸ਼ੁਰੂ ਹੋ ਗਈ ਹੈ।