ਸਿਡਨੀ ‘ਚ ਖੇਡੇ ਗਏ ਮੈਚ ‘ਚ ਭਾਰਤ ਨੇ ਨੀਦਰਲੈਂਡ ਨੂੰ 56 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਟੀ-20 ਵਿਸ਼ਵ ਕੱਪ 2022 ਵਿੱਚ ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਅਤੇ ਹੁਣ ਉਹ ਗਰੁੱਪ 2 ਵਿੱਚ ਸਿਖਰ ’ਤੇ ਪਹੁੰਚ ਗਈ ਹੈ। ਟੀਮ ਇੰਡੀਆ ਦੀਆਂ ਨਜ਼ਰਾਂ ਹੁਣ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰਨ ‘ਤੇ ਟਿਕੀਆਂ ਹੋਈਆਂ ਹਨ। ਭਾਰਤ ਨੇ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਸੂਰਿਆਕੁਮਾਰ ਯਾਦਵ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ‘ਤੇ ਇਸ ਮੈਚ ‘ਚ 179 ਦੌੜਾਂ ਬਣਾਈਆਂ ਸਨ। ਜਵਾਬ ‘ਚ ਨੀਦਰਲੈਂਡ ਦੀ ਟੀਮ 123 ਦੌੜਾਂ ਹੀ ਬਣਾ ਸਕੀ। ਭਾਰਤ ਲਈ ਅਕਸ਼ਰ ਪਟੇਲ ਅਤੇ ਰਵੀਚੰਦਰਨ ਅਸ਼ਵਿਨ ਦੀ ਜੋੜੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਨੀਦਰਲੈਂਡ ਦੇ ਬੱਲੇਬਾਜ਼ਾਂ ਨੂੰ ਸਕੋਰ ਬਣਾਉਣ ਦਾ ਕੋਈ ਮੌਕਾ ਨਹੀਂ ਦਿੱਤਾ।