ਪੰਜਾਬ ਵਿੱਚ ਨਵੀਂ ਬੈਂਟਲੇ ਕਾਰ ਖਰੀਦਦੇ ਸਮੇਂ ਇੱਕ ਨੌਜਵਾਨ ਵੱਲੋਂ ਸ਼ਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਘਟਨਾ ਮੋਹਾਲੀ ਦੀ ਹੈ, ਜਿੱਥੇ ਨਵੀਂ ਬੈਂਟਲੇ ਕਾਰ ਖਰੀਦਣ ਮਗਰੋਂ ਇੱਕ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਮੁਤਾਬਿਕ ਇਹ ਨੌਜਵਾਨ ਇੱਕ ਮਸ਼ਹੂਰ ਬਿਲਡਰ ਦਾ ਮੁੰਡਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਵਾ ‘ਚ ਫਾਇਰਿੰਗ ਕਰਨ ਵਾਲੇ ਵਿਅਕਤੀ ਦੀ ਪਛਾਣ ਸ਼ੁਭਮ ਰਾਜਪੂਤ ਵਜੋਂ ਹੋਈ ਹੈ। ਵਾਇਰਲ ਹੋ ਰਹੀ ਵੀਡੀਓ ‘ਚ ਸ਼ੁਭਮ ਨੂੰ ਹਵਾ ‘ਚ ਫਾਇਰਿੰਗ ਕਰਦੇ ਦੇਖਿਆ ਜਾ ਸਕਦਾ ਹੈ। ਪੁਲਿਸ ਵਾਇਰਲ ਵੀਡੀਓ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਵਾਈ ਫਾਇਰਿੰਗ ਮਾਮਲੇ ਵਿੱਚ ਸ਼ੁਭਮ ਰਾਜਪੂਤ ਖ਼ਿਲਾਫ਼ ਖਰੜ ਥਾਣੇ ਵਿੱਚ 336, 25, 27 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁਭਮ ਰਾਜਪੂਤ ਪੰਜਾਬ ਅਤੇ ਉੱਤਰੀ ਭਾਰਤ ਦੇ ਮਸ਼ਹੂਰ ਓਮੇਗਾ ਬਿਲਡਰ ਦੇ ਮਾਲਕ ਦਾ ਮੁੰਡਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਪੁਲਿਸ ਅਜਿਹੀ ਕਿਸੇ ਵੀ ਘਟਨਾ ਨੂੰ ਲੈ ਕੇ ਤੁਰੰਤ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ।