ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ ਅਮਰੀਕਾ ਦੇ ਕੈਲੀਫੋਰਨੀਆ ‘ਚ ਅਗਵਾ ਹੋਏ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਨ੍ਹਾਂ ਵਿੱਚ ਅੱਠ ਮਹੀਨੇ ਦੀ ਬੱਚੀ ਵੀ ਸ਼ਾਮਿਲ ਹੈ। ਮਰਸਡ ਕਾਉਂਟੀ ਸ਼ੈਰਿਫ ਵਰਨ ਵਾਰਨੇਕੇ ਨੇ ਕਿਹਾ ਕਿ ਇਹ “ਬਹੁਤ ਭਿਆਨਕ ਅਤੇ ਡਰਾਉਣਾ” ਸੀ। ਉਨ੍ਹਾਂ ਕਿਹਾ ਕਿ ਪੀੜਤਾਂ ਦੀਆਂ ਲਾਸ਼ਾਂ ਉਸੇ ਇਲਾਕੇ ਵਿੱਚੋਂ ਮਿਲੀਆਂ ਹਨ। ਅਮਰੀਕੀ ਅਧਿਕਾਰੀਆਂ ਨੇ ਕਿਹਾ ਸੀ ਕਿ ਚਾਰਾਂ ਲੋਕਾਂ ਨੂੰ 3 ਅਕਤੂਬਰ ਨੂੰ ਦੱਖਣੀ ਹਾਈਵੇਅ 59 ਦੇ 800 ਬਲਾਕ ਤੋਂ ਜ਼ਬਰਦਸਤੀ ਅਗਵਾ ਕਰ ਲਿਆ ਗਿਆ ਸੀ। ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਦਾ ਅਮਰੀਕਾ ਵਿੱਚ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਹੈ। ਇਹ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਦੇ ਪਿੰਡ ਹਰਸੀ ਦਾ ਵਸਨੀਕ ਹੈ। ਉੱਥੇ ਹੀ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਕੈਲੀਫੋਰਨੀਆ ਦਾ ਪੁਲਿਸ ਅਫ਼ਸਰ ਵੀ ਭਾਵੁਕ ਹੋ ਗਿਆ ਸੀ।