ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਇੱਕ ਵਾਰ ਫਿਰ ਬੰਬ ਧਮਾਕੇ ਨਾਲ ਦਹਿਲੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਬੰਬ ਧਮਾਕਾ ਗ੍ਰਹਿ ਮੰਤਰਾਲੇ ਦੇ ਬਿਲਕੁਲ ਨਾਲ ਹੋਇਆ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫਾਈ ਟਾਕੋਰ ਨੇ ਦੱਸਿਆ ਕਿ ਮੰਤਰਾਲੇ ਨੇੜੇ ਮਸਜਿਦ ‘ਚ ਹੋਏ ਇਸ ਧਮਾਕੇ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ 25 ਲੋਕ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਨ੍ਹੀਂ ਦਿਨੀਂ ਕਾਬੁਲ ਵਿੱਚ ਇੱਕ ਤੋਂ ਬਾਅਦ ਇੱਕ ਬੰਬ ਧਮਾਕਿਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੋਮਵਾਰ ਨੂੰ ਹੀ ਪੱਛਮੀ ਕਾਬੁਲ ‘ਚ ਸ਼ਹੀਦ ਮਾਜਰੀ ਰੋਡ ‘ਤੇ ਪੁਲ-ਏ-ਸੁਖਤਾ ਇਲਾਕੇ ‘ਚ ਜ਼ਬਰਦਸਤ ਧਮਾਕਾ ਹੋਇਆ ਸੀ। ਇਹ ਧਮਾਕਾ ਦੁਪਹਿਰ ਕਰੀਬ 2 ਵਜੇ ਹੋਇਆ। ਇਸ ਤੋਂ ਪਹਿਲਾਂ 30 ਸਤੰਬਰ ਨੂੰ ਹੋਏ ਬੰਬ ਧਮਾਕਿਆਂ ‘ਚ 53 ਲੋਕ ਮਾਰੇ ਗਏ ਸਨ। ਸੰਯੁਕਤ ਰਾਸ਼ਟਰ (ਯੂ.ਐਨ.) ਦੀ ਰਿਪੋਰਟ ਮੁਤਾਬਿਕ ਇਸ ਧਮਾਕੇ ਵਿੱਚ ਮਾਰੇ ਗਏ 53 ਲੋਕਾਂ ਵਿੱਚੋਂ 46 ਲੜਕੀਆਂ ਸਨ।