ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਗੈਂਗਸਟਰ ਨੇ ਜੱਗੂ ਭਗਵਾਨਪੁਰੀਆ ਦਾ ਨਾਂ ਲਿਆ ਹੈ। ਬਿੱਟੂ ਨੇ ਇਸ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੂੰ ਦਿੱਤੀ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਨ੍ਹਾਂ ਨੰਬਰਾਂ ਨੂੰ ਟਰੇਸਿੰਗ ‘ਤੇ ਲਗਾ ਦਿੱਤਾ ਹੈ, ਜਿਨ੍ਹਾਂ ਤੋਂ ਕਾਲ ਆਈ ਸੀ। ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਂ ‘ਤੇ ਫੋਨ ਕਰਨ ਵਾਲੇ ਨੇ ਬਿੱਟੂ ਨੂੰ ਬੰਦੀ ਸਿੰਘਾਂ ਦੀ ਰਿਹਾਈ ‘ਚ ਰੁਕਾਵਟ ਨਾ ਪਾਉਣ ਲਈ ਕਿਹਾ ਹੈ। “ਐਮਪੀ ਨੂੰ ਬੰਦੀ ਸਿੰਘਾਂ ਦੇ ਖਿਲਾਫ ਬੋਲਣਾ ਬੰਦ ਕਰਨ ਲਈ ਕਿਹਾ ਗਿਆ ਕਿ ਨਹੀਂ ਤਾਂ ਨਤੀਜਾ ਮਾੜਾ ਹੋਵੇਗਾ।”
ਇੱਕ ਹੋਰ ਨੰਬਰ ਰਾਹੀਂ ਵੀ ਸਾਂਸਦ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਨ੍ਹਾਂ ਧਮਕੀਆਂ ਦਰਮਿਆਨ ਬਿੱਟੂ ਦੀ ਸੁਰੱਖਿਆ ਜ਼ੈੱਡ ਸ਼੍ਰੇਣੀ ਤੋਂ ਵਧਾ ਕੇ ਜ਼ੈੱਡ+ ਕਰ ਦਿੱਤੀ ਗਈ ਹੈ। ਉਸ ਦੀ ਦਿੱਲੀ ਕੋਠੀ ‘ਤੇ ਸਿਪਾਹੀਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਲੁਧਿਆਣਾ ਵਿੱਚ ਵੀ ਸੰਸਦ ਮੈਂਬਰ ਦੀ ਕੋਠੀ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪੁਲੀਸ ਅਧਿਕਾਰੀਆਂ ਨੇ ਕੋਠੀ ਦੇ ਬਾਹਰ ਪਹਿਰਾ ਵਧਾਉਣ ਦੇ ਨਾਲ-ਨਾਲ ਉੱਚ ਪੱਧਰੀ ਸੀਸੀਟੀਵੀ ਕੈਮਰੇ ਲਾਉਣ ਦੀ ਗੱਲ ਆਖੀ ਹੈ।