ਵੀਕਐਂਡ ਵਿੱਚ ਆਕਲੈਂਡ ਏਅਰਪੋਰਟ ਤੋਂ ਲੰਘਣ ਵਾਲੇ 100 ਤੋਂ ਵੱਧ ਯਾਤਰੀਆਂ ਨੂੰ ਰਾਤ ਭਰ ਠੰਡੇ ਕੋਰੀਡੋਰ ਵਿੱਚ ਫਰਸ਼ ‘ਤੇ ਬੈਠਣ ਅਤੇ ਉਡੀਕ ਕਰਨ ਲਈ ਮਜਬੂਰ ਕੀਤਾ ਗਿਆ। ਮੀਡੀਆਂ ਰਿਪੋਰਟਾਂ ਮੁਤਾਬਿਕ ਯਾਤਰੀ, ਜੋ ਸਮੋਆ ਤੋਂ ਉਡਾਣ ਭਰ ਕੇ ਆਸਟ੍ਰੇਲੀਆ ਜਾ ਰਹੇ ਸਨ, ਐਤਵਾਰ ਰਾਤ 2 ਵਜੇ ਦੇ ਕਰੀਬ ਪਹੁੰਚੇ ਸਨ। ਮੁਸਾਫਰਾਂ ਨੂੰ ਕਥਿਤ ਤੌਰ ‘ਤੇ ਕਿਹਾ ਗਿਆ ਸੀ ਕਿ ਉਹ ਸੁਰੱਖਿਆ ਸਕ੍ਰੀਨਿੰਗ ਪੁਆਇੰਟ ਤੋਂ ਨਹੀਂ ਲੰਘ ਸਕਦੇ ਕਿਉਂਕਿ ਸਵੇਰੇ 5 ਵਜੇ ਤੱਕ ਸਟਾਫ ਨਹੀਂ ਸੀ, ਇਸ ਦੌਰਾਨ ਉਨ੍ਹਾਂ ਨੂੰ ਇੱਕ ਠੰਡੇ ਹਾਲਵੇਅ ਵਿੱਚ ਬੈਠਣ ਅਤੇ ਇਲਾਕਾ ਖੁੱਲ੍ਹਣ ਤੱਕ ਉਡੀਕ ਕਰਨ ਲਈ ਮਜਬੂਰ ਕੀਤਾ ਗਿਆ ਸੀ। ਕੋਰੀਡੋਰ ਵਿੱਚ ਇੰਤਜ਼ਾਰ ਕਰ ਰਹੇ ਲੋਕਾਂ ਵਿੱਚੋਂ ਐਲਿਜ਼ਾਬੈਥ ਨਾਨਈ ਨੇ ਕਿਹਾ ਕਿ ਬਜ਼ੁਰਗ ਲੋਕਾਂ ਨੂੰ ਫਰਸ਼ ‘ਤੇ ਪਏ ਦੇਖ ਕੇ ਦਿਲ ਦਹਿਲਾਉਣ ਵਾਲਾ ਦ੍ਰਿਸ਼ ਸੀ। ਉਨ੍ਹਾਂ ਨੇ ਕਿਹਾ ਕਿ ਉਸ ਜਗ੍ਹਾ ‘ਤੇ ਸਿਰਫ 12 ਕੁਰਸੀਆਂ ਉਪਲਬਧ ਸਨ, ਜਿੱਥੇ ਉਨ੍ਹਾਂ ਨੂੰ ਬੈਠਣ ਦੀ ਇਜਾਜ਼ਤ ਦਿੱਤੀ ਗਈ ਸੀ।