ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਨੂੰ ਵੀਰਵਾਰ ਨੂੰ ਬਠਿੰਡਾ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਗਿਆ ਸੀ। ਲਾਰੈਂਸ ਨੂੰ ਸਖ਼ਤ ਸੁਰੱਖਿਆ ਹੇਠ ਕਤਲ ਕੇਸ ਵਿੱਚ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੋਂ ਉਸ ਨੂੰ ਹੁਣ 14 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਲਾਰੈਂਸ ਦੀ ਪੇਸ਼ੀ ਕਾਰਨ ਅਦਾਲਤ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਕਿਉਂਕਿ ਬੰਬੀਹਾ ਗੈਂਗ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉੱਥੇ ਹੀ ਲਾਰੈਂਸ ਦੇ ਵਕੀਲ ਵਿਸ਼ਾਲ ਚੋਪੜਾ ਨੇ ਵੀ ਦਾਅਵਾ ਕੀਤਾ ਸੀ ਕਿ ਪੁਲਿਸ ਗੈਂਗਸਟਰ ਦਾ ਫਰਜ਼ੀ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੀ ਹੈ।
ਦੱਸ ਦੇਈਏ ਕਿ ਲੁਧਿਆਣਾ ਦੇ ਮੇਹਰਬਾਨ ਪੁਲਿਸ ਸਟੇਸ਼ਨ ਵਿੱਚ 2017 ਦੇ ਕਤਲ ਕੇਸ ਵਿੱਚ ਲਾਰੈਂਸ ਦਾ ਨਾਮ ਦਰਜ ਹੈ। ਪੁਲਿਸ ਲਾਰੈਂਸ ਤੋਂ ਇਸ ਸਬੰਧੀ ਪੁੱਛਗਿੱਛ ਲਈ ਉਸ ਨੂੰ ਰਿਮਾਂਡ ‘ਤੇ ਲਿਆ ਹੈ। ਲਾਰੈਂਸ ਦੀ ਪ੍ਰੋਡਕਸ਼ਨ ਲਈ ਸੁਰੱਖਿਆ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਨੇ ਅਦਾਲਤੀ ਕੰਪਲੈਕਸ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਸੀ। ਥਾਂ-ਥਾਂ ਪੁਲਿਸ ਮੁਲਾਜ਼ਮ ਤਾਇਨਾਤ ਸਨ। ਤੁਹਾਨੂੰ ਦੱਸ ਦੇਈਏ ਕਿ ਲਾਰੇਂਸ ਨੇ ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ 4 ਵਾਰ ਮਾਰਨ ਦੀ ਯੋਜਨਾ ਬਣਾਈ ਸੀ ਅਤੇ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ ਸੀ।