ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਅਤੇ ਵਿਸਫੋਟਕ ਵਿਕਟਕੀਪਰ ਬੱਲੇਬਾਜ਼ ਬ੍ਰੈਂਡਨ ਮੈਕੁਲਮ ਅੱਜ 41 ਸਾਲ ਦੇ ਹੋ ਗਏ ਹਨ। ਆਪਣੀ ਵਿਸਫੋਟਕ ਬੱਲੇਬਾਜ਼ੀ ਨਾਲ ਅੰਤਰਰਾਸ਼ਟਰੀ ਕ੍ਰਿਕਟ ‘ਚ ਵੱਖਰੀ ਪਛਾਣ ਬਣਾਉਣ ਵਾਲੇ ਮੈਕੁਲਮ ਇਸ ਸਮੇਂ ਇੰਗਲੈਂਡ ਦੀ ਟੈਸਟ ਟੀਮ ਦੇ ਕੋਚ ਹਨ। ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ, ਮੈਕੁਲਮ ਨੇ ਕੋਚ ਦੇ ਤੌਰ ‘ਤੇ ਨਵੀਂ ਪਾਰੀ ਸ਼ੁਰੂ ਕੀਤੀ ਅਤੇ ਜਲਦੀ ਹੀ ਉਹ ਦੁਨੀਆ ਦੇ ਸਭ ਤੋਂ ਵਧੀਆ ਕੋਚ ਵਜੋਂ ਗਿਣੇ ਜਾਣ ਲੱਗੇ ਹਨ।
ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ ਸੈਂਕੜਾ, ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਮੈਚ ‘ਚ ਸੈਂਕੜਾ ਅਤੇ ਟੈਸਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਬ੍ਰੈਂਡਨ ਮੈਕੁਲਮ ਦੇ ਨਾਮ ਹੈ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕੁੱਝ ਦਿਲਚਸਪ ਰਿਕਾਰਡਾਂ ਬਾਰੇ ਦੱਸਣ ਜਾ ਰਹੇ ਹਾਂ। ਬ੍ਰੈਂਡਨ ਮੈਕੁਲਮ ਟੀ-20 ਕ੍ਰਿਕਟ ਵਿੱਚ ਨਿਊਜ਼ੀਲੈਂਡ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਟੀ-20 ਕ੍ਰਿਕਟ ‘ਚ ਮੈਕੁਲਮ ਨੇ 136.49 ਦੀ ਸਟ੍ਰਾਈਕ ਰੇਟ ਨਾਲ 9,922 ਦੌੜਾਂ ਬਣਾਈਆਂ ਹਨ। ਇਸ ਫਾਰਮੈਟ ਵਿੱਚ ਮੈਕੁਲਮ ਦੇ ਨਾਮ 7 ਸੈਂਕੜੇ ਅਤੇ 55 ਅਰਧ ਸੈਂਕੜੇ ਹਨ। ਆਈਪੀਐਲ ਵਿੱਚ ਮੈਕੁਲਮ ਦੇ ਨਾਮ ਦੋ ਸੈਂਕੜੇ ਹਨ।
ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਬ੍ਰੈਂਡਨ ਮੈਕੁਲਮ ਦੇ ਨਾਂ ਹੈ। ਉਨ੍ਹਾਂ ਨੇ ਇਸ ਫਾਰਮੈਟ ‘ਚ 107 ਛੱਕੇ ਲਗਾਏ ਹਨ। ਮੈਕੁਲਮ ਲਗਾਤਾਰ 100 ਤੋਂ ਵੱਧ ਟੈਸਟ ਮੈਚ (101) ਖੇਡਣ ਵਾਲੇ ਵਿਸ਼ਵ ਦੇ ਪੰਜ ਕ੍ਰਿਕਟਰਾਂ ਵਿੱਚੋਂ ਇੱਕ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਂ ਲਗਾਤਾਰ 122 ਵਨਡੇ ਖੇਡਣ ਦਾ ਰਿਕਾਰਡ ਵੀ ਦਰਜ ਹੈ। ਮੈਕੁਲਮ ਦੁਨੀਆ ਦੇ ਉਨ੍ਹਾਂ ਚਾਰ ਬੱਲੇਬਾਜ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਪੰਜਵੇਂ ਨੰਬਰ ਜਾਂ ਇਸ ਤੋਂ ਹੇਠਾਂ ਟੈਸਟ ਵਿੱਚ ਤੀਹਰਾ ਸੈਂਕੜਾ ਲਗਾਇਆ ਹੈ। ਮਾਈਕਲ ਕਲਾਰਕ (329*), ਸਰ ਡੌਨ ਬ੍ਰੈਡਮੈਨ (304), ਅਤੇ ਕਰੁਣ ਨਾਇਰ (303*) ਇਸ ਕਾਰਨਾਮੇ ਵਾਲੇ ਦੂਜੇ ਬੱਲੇਬਾਜ਼ ਹਨ।
ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਬ੍ਰੈਂਡਨ ਮੈਕੁਲਮ ਦੇ ਨਾਂ ਹੈ। ਮੈਕੁਲਮ ਨੇ 2015 ‘ਚ ਆਸਟ੍ਰੇਲੀਆ ਖਿਲਾਫ ਸਿਰਫ 54 ਗੇਂਦਾਂ ‘ਚ ਇਹ ਉਪਲੱਬਧੀ ਹਾਸਿਲ ਕੀਤੀ ਸੀ। ਇਸ ਦੇ ਨਾਲ ਹੀ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਮੈਚ ‘ਚ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਮੈਕੁਲਮ ਦੇ ਨਾਂ ਹੈ। ਆਈਪੀਐਲ ਦੇ ਸ਼ੁਰੂਆਤੀ ਮੈਚ ਵਿੱਚ ਮੈਕੁਲਮ ਨੇ ਸਿਰਫ਼ 73 ਗੇਂਦਾਂ ਵਿੱਚ ਨਾਬਾਦ 158 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਹੈ।