ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੀ ਦੋ ਤਿਹਾਈ ਬਹੁਮਤ ਵਾਲੀ ‘ਆਪ’ ਸਰਕਾਰ ਦੇ ਭਰੋਸੇ ਦਾ ਵੋਟ ਪੇਸ਼ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਰੋਕਣ ਦੇ ਪੰਜਾਬ ਦੇ ਰਾਜਪਾਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਵੱਲੋਂ ਇੱਕ ਦਿਨ ਦੇ ਵਿਧਾਨ ਸਭਾ ਸੈਸ਼ਨ ’ਤੇ ਪਾਬੰਦੀ ਲਾਉਣ ਦਾ ਫੈਸਲਾ ਸੰਵਿਧਾਨ ਮੁਤਾਬਿਕ ਹੈ।
ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਭਾਜਪਾ ਸੈਕਟਰ-37/ਏ ਭਾਜਪਾ ਦੇ ਮੁੱਖ ਦਫਤਰ ਤੋਂ ਸਵੇਰੇ 11:30 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਿਰਾਓ ਕਰਨ ਲਈ ਮਾਰਚ ਕਰੇਗੀ। ਇਸ ਅਰਥੀ ਫੂਕ ਮਾਰਚ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭਾਜਪਾ ਵਰਕਰ ਸ਼ਾਮਿਲ ਹੋਣਗੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਲਈ ਕੇਜਰੀਵਾਲ ਵੱਲੋਂ ਕਹੀ ਗਈ ਹਰ ਗੱਲ ਸੰਵਿਧਾਨ ਹੈ ਅਤੇ ਉਹ ਇਸ ਦੀ ਪਾਲਣਾ ਕਰਨਾ ਆਪਣਾ ਅੰਤਿਮ ਫਰਜ਼ ਸਮਝਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਭਾਜਪਾ ਵੱਲੋਂ ਰਾਜਪਾਲ ਨੂੰ ਪੱਤਰ ਵੀ ਲਿਖਿਆ ਗਿਆ ਹੈ। ਉਨ੍ਹਾਂ ‘ਆਪ’ ਵੱਲੋਂ ਰਾਜਪਾਲ ਦੇ ਫੈਸਲੇ ’ਤੇ ਸਵਾਲ ਉਠਾਉਣ ਦੇ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ।