ਐਤਵਾਰ ਨੂੰ ਹੋਏ ਏਸ਼ੀਆ ਕੱਪ ਦੇ ਮੈਚ ਵਿੱਚ ਭਾਰਤ ਨੂੰ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਲਈ ਨੌਜਵਾਨ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਅਤੇ ਉਸ ਨੂੰ ਖਾਲਿਸਤਾਨੀ ਸਮਰਥਕ ਕਹਿ ਕੇ ਟਵਿੱਟਰ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਮਾਮਲੇ ‘ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇੱਕ ਸਿੱਖ ਪੰਜਾਬੀ ਦੇਸ਼ ਲਈ ਸੀਨੇ ‘ਚ ਗੋਲੀ ਚਲਾ ਸਕਦਾ ਹੈ ਪਰ ਦੇਸ਼ ਨਾਲ ਗੱਦਾਰੀ ਨਹੀਂ ਕਰ ਸਕਦਾ। ਅਰਸ਼ਦੀਪ ਨੂੰ ਗੱਦਾਰ ਕਹਿਣਾ ਗਲਤ ਹੈ।
ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ ਜਵਾਨ ਹੈ, ਆਤਮਵਿਸ਼ਵਾਸ ਪੈਦਾ ਕਰਨ ਲਈ ਸਮਾਂ ਲੱਗੇਗਾ। ਅਰਸ਼ਦੀਪ ਸਿੰਘ ਨੇ ਆਖਰੀ ਓਵਰਾਂ ਵਿੱਚ ਚੰਗੀ ਗੇਂਦਬਾਜ਼ੀ ਕੀਤੀ। ਇਸ ਦੇ ਨਾਲ ਹੀ ਉਸ ਨੇ ਸਾਰੇ ਗੇਂਦਬਾਜ਼ਾਂ ਵਿੱਚੋਂ ਸਭ ਤੋਂ ਘੱਟ ਦੌੜਾਂ ਦਿੱਤੀਆਂ। ਜੇਕਰ ਉਹ ਕੈਚ ਮਿਸ ਵੀ ਕਰਦਾ ਹੈ ਤਾਂ ਇਸ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ ਕਿ ਉਸ ਨੇ ਜਾਣਬੁੱਝ ਕੇ ਕੈਚ ਛੱਡਿਆ ਹੈ, ਇਹ ਇੱਕ ਖੇਡ ਹੈ, ਇਸ ਵਿੱਚ ਕੁੱਝ ਵੀ ਹੋ ਸਕਦਾ ਹੈ।
ਖੇਡ ਨੂੰ ਖੇਡ ਭਾਵਨਾ ਨਾਲ ਖੇਡਣਾ ਅਤੇ ਦੇਖਣਾ ਚਾਹੀਦਾ ਹੈ। ਟੀਮ ਨੇ ਭਰੋਸਾ ਕਰਦੇ ਹੋਏ ਅਰਸ਼ਦੀਪ ਨੂੰ ਆਖਰੀ ਓਵਰ ਵੀ ਦਿੱਤਾ। ਉਸ ਨੇ ਆਖਰੀ ਓਵਰਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਹੜੇ ਲੋਕ ਅਰਸ਼ਦੀਪ ਨੂੰ ਖਾਲਿਸਤਾਨੀ ਸਮਰਥਕ ਕਹਿ ਰਹੇ ਹਨ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀਆਂ ਨੇ ਆਪਣੇ ਦੇਸ਼ ਲਈ ਸਭ ਕੁੱਝ ਕੁਰਬਾਨ ਕਰ ਦਿੱਤਾ ਹੈ। ਨੌਜਵਾਨ ਗੇਂਦਬਾਜ਼ ਨੂੰ ਹੌਸਲਾ ਦੇਣ ਦੀ ਲੋੜ ਹੈ ਨਾ ਕਿ demotivate ਕਰਨ ਦੀ।