ਅਰਜਨਟੀਨਾ ਦੀ ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੀਜ਼ ‘ਤੇ ਜਾਨਲੇਵਾ ਹਮਲੇ ਦੀ ਖਬਰ ਸਾਹਮਣੇ ਆ ਰਹੀ ਹੈ। ਉਪ ਰਾਸ਼ਟਰਪਤੀ ਦੇ ਘਰ ਦੇ ਬਾਹਰ ਇੱਕ ਬੰਦੂਕਧਾਰੀ ਨੇ ਉਨ੍ਹਾਂ ‘ਤੇ ਪਿਸਤੌਲ ਤਾਣ ਲਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਹੜਕੰਪ ਮਚ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਸਟੀਨਾ ਦੇ ਘਰ ਦੇ ਬਾਹਰ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ ਸੀ।
ਕ੍ਰਿਸਟੀਨਾ ਆਪਣੀ ਕਾਰ ਤੋਂ ਹੇਠਾਂ ਉਤਰ ਕੇ ਘਰ ਦੇ ਅੰਦਰ ਜਾ ਰਹੀ ਸੀ ਜਦੋਂ ਇੱਕ ਬੰਦੂਕਧਾਰੀ ਨੇ ਉਨ੍ਹਾਂ ਦੇ ਬਹੁਤ ਨੇੜੇ ਤੋਂ ਪਿਸਤੌਲ ਤਾਣ ਦਿੱਤੀ। ਇਸ ਦੌਰਾਨ ਮੌਕੇ ‘ਤੇ ਮੌਜੂਦ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੰਦੂਕਧਾਰੀ ਨੂੰ ਕਾਬੂ ਕਰ ਲਿਆ। ਤਾਜ਼ਾ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਇੱਕ ਫੁਟੇਜ ਸਥਾਨਕ ਮੀਡੀਆ ਨੇ ਜਾਰੀ ਕੀਤੀ ਹੈ, ਜਿਸ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕ੍ਰਿਸਟੀਨਾ ਭੀੜ ਦੇ ਸਾਹਮਣੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸੇ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ ‘ਤੇ ਪਿਸਤੌਲ ਤਾਣ ਦਿੱਤੀ। ਇਸ ਦੇ ਨਾਲ ਹੀ ਆਸ-ਪਾਸ ਖੜ੍ਹੇ ਲੋਕਾਂ ਸਮੇਤ ਸੁਰੱਖਿਆ ਬਲ ਤੁਰੰਤ ਹਰਕਤ ‘ਚ ਆ ਗਏ ਅਤੇ ਦੋਸ਼ੀ ਵਿਅਕਤੀ ਨੂੰ ਪਿੱਛੇ ਧੱਕ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਦੇ ਬ੍ਰਾਜ਼ੀਲ ਮੂਲ ਦਾ ਹੋਣ ਦਾ ਸ਼ੱਕ ਹੈ।
ਦੱਸਿਆ ਜਾ ਰਿਹਾ ਹੈ ਕਿ ਕ੍ਰਿਸਟੀਨਾ ਭ੍ਰਿਸ਼ਟਾਚਾਰ ਦੇ ਮੁਕੱਦਮੇ ਦੇ ਵਿਚਕਾਰ ਹੈ ਅਤੇ ਉਹ ਅਦਾਲਤ ਤੋਂ ਘਰ ਪਰਤੀ ਸੀ ਜਦੋਂ ਇਸ ਦੌਰਾਨ ਇਹ ਘਟਨਾ ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਿਕ ਕ੍ਰਿਸਟੀਨਾ ਨੇ ਭ੍ਰਿਸ਼ਟਾਚਾਰ ਸਬੰਧੀ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕ੍ਰਿਸਟੀਨਾ 2007 ਤੋਂ 2015 ਤੱਕ ਅਰਜਨਟੀਨਾ ਦੀ ਰਾਸ਼ਟਰਪਤੀ ਰਹਿ ਚੁੱਕੀ ਹੈ।