ਪੰਜਾਬ ਦੇ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਹੈ। ਵਿਧਾਇਕਾ ਨੂੰ ਉਨ੍ਹਾਂ ਦੇ ਪਤੀ ਸੁਖਰਾਜ ਬੱਲ ਨੇ ਥੱਪੜ ਮਾਰਿਆ ਸੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਇਹ ਮਾਮਲਾ ਜੁਲਾਈ ਮਹੀਨੇ ਦਾ ਹੈ। ਹਾਲਾਂਕਿ ਇਸਦੀ ਰਿਕਾਰਡਿੰਗ ਹੁਣ ਸਾਹਮਣੇ ਆਈ ਹੈ। ਹਾਲਾਂਕਿ ਅਜੇ ਤੱਕ ਵਿਧਾਇਕ ਬਲਜਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਸੁਖਰਾਜ ਬੱਲ ਨੇ ਇਸ ਬਾਰੇ ਕੁੱਝ ਨਹੀਂ ਕਿਹਾ ਹੈ। ਸੂਤਰਾਂ ਅਨੁਸਾਰ ਬਲਜਿੰਦਰ ਕੌਰ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਸਹੁਰਾ ਘਰ ਛੱਡ ਇਸ ਸਮੇਂ ਆਪਣੇ ਪੇਕੇ ਘਰ ਵਿਖੇ ਰਹਿ ਰਹੀ ਹੈ।
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਵਿਧਾਇਕ ਦਾ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਦੁੱਖ ਦੀ ਗੱਲ ਹੈ। ਹੁਣ ਤੱਕ ਇਹ ਮਾਮਲਾ ਉਨ੍ਹਾਂ ਦੇ ਘਰ ਦੀ ਚਾਰਦੀਵਾਰੀ ਦਾ ਸੀ। ਹੁਣ ਇਸ ਦਾ ਵੀਡੀਓ ਪਬਲਿਕ ਪਲੇਟਫਾਰਮ ‘ਤੇ ਆ ਗਿਆ ਹੈ। ਇਸ ਲਈ ਕਮਿਸ਼ਨ ਇਸ ਦਾ ਨੋਟਿਸ ਲੈ ਕੇ ਕਾਰਵਾਈ ਕਰੇਗਾ। ਪੰਜਾਬ ਦੀ ਮਹਿਲਾ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਵਿਧਾਇਕ ਬਲਜਿੰਦਰ ਕੌਰ ਨੇ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ | ਉਹ ਪਾਰਟੀ ਨਾਲ ਜੁੜੇ ਹੋਏ ਹਨ। ਇਸ ਲਈ ਇਸ ਮਾਮਲੇ ਵਿੱਚ ਸੀਐਮ ਭਗਵੰਤ ਮਾਨ ਤੋਂ ਕਾਰਵਾਈ ਦੀ ਮੰਗ ਕੀਤੀ ਜਾਵੇਗੀ।