ਸਾਊਦੀ ਅਰਬ ‘ਚ ਇੱਕ ਔਰਤ ਨੂਰਾ ਅਲ-ਕਾਹਤਾਨੀ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਪਾਉਣੀ ਮਹਿੰਗੀ ਪੈ ਗਈ। ਉਸ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਪਾਉਣ ਕਾਰਨ 45 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਸਾਊਦੀ ਅਰਬ ‘ਚ ਅਜਿਹਾ ਦੂਜਾ ਮਾਮਲਾ ਹੈ, ਜਿਸ ‘ਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ‘ਤੇ ਇੰਨੀ ਸਖ਼ਤ ਸਜ਼ਾ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਨੂਰਾ ਵਿਰੁੱਧ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾਉਣ ਅਤੇ ਇੰਟਰਨੈੱਟ ਰਾਹੀਂ ਜਨਤਕ ਵਿਵਸਥਾ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਨੂਰਾ ‘ਤੇ ਇਹ ਕਾਰਵਾਈ ਐਂਟੀ ਸਾਈਬਰ ਕ੍ਰਾਈਮ ਐਕਟ ਤਹਿਤ ਕੀਤੀ ਗਈ ਹੈ।
ਸਾਊਦੀ ਅਰਬ ਦੇ ਮਰਹੂਮ ਪੱਤਰਕਾਰ ਜਮਾਲ ਖਸ਼ੋਗੀ ਦੇ ਵਾਸ਼ਿੰਗਟਨ ਸਥਿਤ ਸੰਗਠਨ ਵੱਲੋਂ ਨੂਰਾ ‘ਤੇ ਕੀਤੀ ਗਈ ਕਾਰਵਾਈ ਦੇ ਕਾਗਜ਼ ਜਾਰੀ ਕੀਤੇ ਗਏ ਹਨ, ਹਾਲਾਂਕਿ ਮੀਡੀਆ ਰਿਪੋਰਟਾਂ ‘ਚ ਇਨ੍ਹਾਂ ਦਸਤਾਵੇਜ਼ਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਟਵਿੱਟਰ ‘ਤੇ ਨੂਰਾ ਅਲ-ਕਾਹਤਾਨੀ ਦਾ ਅਕਾਊਂਟ ਖਾਸ ਤੌਰ ‘ਤੇ ਐਕਟਿਵ ਨਹੀਂ ਹੈ, ਪਰ ਉਸ ਦੇ ਟਵੀਟ ਕਾਰਨ ਉਸ ਨੂੰ ਜੁਲਾਈ 2021 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਵਿਸ਼ੇਸ਼ ਅਦਾਲਤ ਵਿਚ ਉਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਬਾਅਦ ਵਿੱਚ ਨੂਰਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਹਾਈ ਕੋਰਟ ਵਿੱਚ ਅਪੀਲ ਕੀਤੀ ਪਰ ਇੱਥੋਂ ਵੀ ਉਸ ਨੂੰ ਕੋਈ ਰਾਹਤ ਨਹੀਂ ਮਿਲ ਸਕੀ। ਨੂਰਾ ਅਲ-ਕਾਹਤਾਨੀ ਤੋਂ ਪਹਿਲਾਂ ਸਾਊਦੀ ਅਰਬ ਨੇ ਸਲਮਾ ਅਲ-ਸ਼ਹਾਬ ਨਾਂ ਦੀ ਔਰਤ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ 34 ਸਾਲ ਦੀ ਸਜ਼ਾ ਸੁਣਾਈ ਸੀ।