ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਸੁਖਬੀਰ ਬਾਦਲ ਨੂੰ ਤਲਬ ਕੀਤਾ ਹੈ। ਸੁਖਬੀਰ ਨੂੰ 30 ਅਗਸਤ ਨੂੰ ਸਵੇਰੇ 10.30 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੁਖਬੀਰ ਤੋਂ 2015 ਦੀ ਗੋਲੀ ਕਾਂਡ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਕੋਟਕਪੂਰਾ ‘ਚ ਬੇਅਦਬੀ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਹੋਈ ਗੋਲੀਬਾਰੀ ਦੇ ਸਮੇਂ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ। ਗ੍ਰਹਿ ਵਿਭਾਗ ਵੀ ਉਨ੍ਹਾਂ ਦੇ ਕੋਲ ਸੀ। ਇਹ ਗੋਲੀਬਾਰੀ ਪੁਲਿਸ ਵੱਲੋਂ ਕੀਤੀ ਗਈ ਸੀ। ਪੁਲਿਸ ਨੂੰ ਹੁਕਮ ਕਿਸਨੇ ਦਿੱਤੇ? ਸੁਖਬੀਰ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਤੋਂ ਇਸ ਬਾਰੇ ਪੁੱਛਗਿੱਛ ਹੋ ਚੁੱਕੀ ਹੈ।
ਇਸ ਮਾਮਲੇ ਵਿੱਚ ਏਡੀਜੀਪੀ ਐਲਕੇ ਯਾਦਵ ਦੀ ਐਸਆਈਟੀ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਕੋਟਕਪੂਰਾ ਵਿੱਚ ਗੋਲੀਬਾਰੀ ਦੇ ਸਮੇਂ ਸੁਮੇਧ ਸੈਣੀ ਪੰਜਾਬ ਦੇ ਡੀਜੀਪੀ ਸਨ। ਸੈਣੀ ਤੋਂ ਐਸਆਈਟੀ ਨੇ ਕਰੀਬ 4 ਘੰਟੇ ਪੁੱਛਗਿੱਛ ਕੀਤੀ ਸੀ। ਹਾਲਾਂਕਿ ਇਸ ਵਿੱਚੋਂ ਕੀ ਨਿਕਲਿਆ? ਐਸਆਈਟੀ ਨੇ ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ।