ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਇਕੱਲੇ ਗੋਲੀ ਚਲਾਉਣ ਵਾਲੇ ਹੀ ਕਾਤਲ ਨਹੀਂ ਸਨ। ਹਾਲੇ ਤੱਕ ਇਸ ਮਾਮਲੇ ਵਿੱਚ ਚਿੱਟੇ ਕਾਲਰ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਗੈਂਗਸਟਰਾਂ ਤੋਂ ਫਿਰੌਤੀ ਵਸੂਲਣ ਵਾਲੇ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਬਲਕੌਰ ਸਿੰਘ ਨੇ ਕਿਹਾ ਕਿ ਹਫ਼ਤੇ ਬਾਅਦ ਸੜਕਾਂ ’ਤੇ ਉਤਰਾਂਗੇ। ਸਰਕਾਰ ਸਾਡੀ ਸ਼ਰਾਫ਼ਤ ਦਾ ਫਾਇਦਾ ਉਠਾ ਰਹੀ ਹੈ।
ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤਰ ਦੀ ਸੁਰੱਖਿਆ ਕਿਸ ਨੇ ਵਾਪਸ ਲਈ?, ਕੋਈ ਜਾਂਚ ਨਹੀਂ ਹੋਈ। ਉਸ ਅਧਿਕਾਰੀ ਵੱਲੋਂ ਕੋਈ ਜਵਾਬ ਕਿਉਂ ਨਹੀਂ ਆਇਆ? ਮੈਂ ਨਹੀਂ ਚਾਹੁੰਦਾ ਕਿ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ ਪਰ ਉਸ ਅਧਿਕਾਰੀ ਨੂੰ ਜਨਤਕ ਤੌਰ ‘ਤੇ ਇਹ ਗਲਤੀ ਸਵੀਕਾਰ ਕਰਨੀ ਚਾਹੀਦੀ ਹੈ ਕਿ ਉਸ ਦੇ ਵੱਲੋਂ ਸੁਰੱਖਿਆ ਵਾਪਸ ਲੈਣ ਕਾਰਨ ਮੂਸੇਵਾਲਾ ਨੂੰ ਮਾਰਿਆ ਗਿਆ ਸੀ। ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਫਿਰੌਤੀ ਵਸੂਲਣ ਵਾਲੇ ਗੈਂਗਸਟਰ ਹੋਮਲੈਂਡ ਵਿੱਚ ਰਹਿੰਦੇ ਹਨ। ਮੂਸੇਵਾਲਾ ਨੇ ਆਪਣੇ ਗੀਤ ਵਿੱਚ ਇਹ ਵੀ ਕਿਹਾ ਸੀ ਕਿ ਹੋਮਲੈਂਡ ਵਿੱਚ ਵੱਡੇ ਦਲਾਲ ਰਹਿੰਦੇ ਨੇ। ਗੈਂਗਸਟਰਾਂ ਦੀਆਂ ਅੱਖਾਂ, ਨੱਕ ਅਤੇ ਕੰਨਾਂ ‘ਤੇ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ? ਇਸੇ ਕਰਕੇ ਮੂਸੇਵਾਲਾ ਚੰਡੀਗੜ੍ਹ ਦੀ ਬਜਾਏ ਪਿੰਡ ‘ਚ ਰਹਿਣ ਲੱਗਿਆ ਸੀ।
ਮੂਸੇਵਾਲਾ ਦੀ ਮਾਤਾ ਸਰਪੰਚ ਚਰਨ ਕੌਰ ਨੇ ਕਿਹਾ ਕਿ ਗੈਂਗਸਟਰਾਂ ਪਿੱਛੇ ਵੱਡੀਆਂ ਤਾਕਤਾਂ ਹਨ। 3 ਮਹੀਨੇ ਹੋ ਗਏ ਹਨ। ਪ੍ਰਸ਼ਾਸਨ ਅਤੇ ਸਰਕਾਰ ਨੂੰ ਕਾਫੀ ਸਮਾਂ ਦਿੱਤਾ ਹੈ। ਉਹ ਸਾਡੀ ਸ਼ਰਾਫ਼ਤ ਦਾ ਫਾਇਦਾ ਚੁੱਕ ਰਹੇ ਹਨ। ਜੇਕਰ ਲੋਕ ਸਾਡੇ ਨਾਲ ਆ ਜਾਣ ਤਾਂ ਠੀਕ ਹੈ, ਨਹੀਂ ਤਾਂ ਅਸੀਂ ਦੋਵੇਂ ਸੜਕ ‘ਤੇ ਬੈਠ ਜਾਵਾਂਗੇ। ਸਾਨੂੰ ਇਨਸਾਫ਼ ਦੀ ਉਮੀਦ ਨਹੀਂ ਹੈ। ਸਭ ਕੁੱਝ ਠੰਢਾ ਹੋ ਗਿਆ ਹੈ। ਜਿਸ ਨਾਲ ਸਿੱਧੂ ਦਾ ਵਿਆਹ ਹੋਣਾ ਸੀ ਉਸ ਦਾ ਕੀ ਕਸੂਰ?
ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਇਸ ਕਤਲ ਕੇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਦੇ ਲਗਭਗ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਹਨ। ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਲਦੀ ਹੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇਗਾ।