ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਉਸ ਤੋਂ ਪਹਿਲਾ ਹੀ ਪੰਜਾਬ ਵਿੱਚ ਸਿਆਸੀ ਸਮੀਕਰਨ ਅਤੇ ਗੱਠਜੋੜ ਬਣਨੇ ਸ਼ੁਰੂ ਹੋ ਗਏ ਹਨ। ਇਸ ਕੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਹੋਰ ਗੱਠਜੋੜ ਬਣਾਇਆ ਹੈ। ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਜਨਰਲ ਸਕੱਤਰ ਡਾ. ਨਛੱਤਰ ਪਾਲ ਦੀ ਮੌਜੂਦਗੀ ‘ਚ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (DPI) ਦੇ ਪ੍ਰਧਾਨ ਪਰਸ਼ੋਤਮ ਲਾਲ ਚੱਢਾ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਅਕਾਲੀ -ਬਸਪਾ ਗੱਠਜੋੜ ਨੂੰ ਸਮਰਥਨ ਦਾ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ DPI ਦੇ ਪ੍ਰਧਾਨ ਪਰਸ਼ੋਤਮ ਲਾਲ ਚੱਢਾ ਨੇ ਕਿਹਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਅਕਾਲੀ-ਬਸਪਾ ਦਾ ਖੁੱਲ੍ਹ ਕੇ ਸਮਰਥਨ ਕਰਦੀ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ 19 ਜੁਲਾਈ ਤੋਂ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੀ ਗੱਠਜੋੜ ਪਾਰਟੀ ਬਸਪਾ ਦੇ ਨਾਲ-ਨਾਲ ਕਿਸਾਨਾਂ ਦੇ ਹਿੱਤਾਂ ਲਈ ਸੰਸਦ ਵਿੱਚ ਆਵਾਜ਼ ਬੁਲੰਦ ਕਰੇਗਾ। ਉਨ੍ਹਾਂ ਕਿਹਾ ਕਿ ਮੇਰੀ ਅਪੀਲ ਹੈ ਕਿ ਪਾਰਟੀਵਾਦ ਤੋਂ ਉੱਪਰ ਉੱਠ ਕੇ ਖੇਤੀਬਾੜੀ ਨੂੰ ਬਰਬਾਦੀ ਵੱਲ ਲਿਜਾ ਰਹੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਾਡਾ ਸਮਰਥਨ ਕੀਤਾ ਜਾਵੇ।