ਆਪਣੇ ਪਤੀ ਤੋਂ ਤੰਗ ਆ ਕੇ ਪੰਜਾਬ ਦੀ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾ ਨੇ ਕੁੱਝ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ ਸੀ, ਜਿਸ ‘ਚ ਜੋਤੀ ਨੂਰਾ ਨੇ ਆਪਣੇ ਪਤੀ ਕੁਨਾਲ ਪਾਸੀ ‘ਤੇ ਕਾਫੀ ਗੰਭੀਰ ਦੋਸ਼ ਲਗਾਏ ਸਨ। ਪਰ ਹੁਣ ਦੋਵੇ ਇੱਕ ਵਾਰ ਫਿਰ ਇਕੱਠੇ ਹੋ ਗਏ ਹਨ ਦੋਵੇਂ ਜਲੰਧਰ ਦੇ ਪ੍ਰੈੱਸ ਕਲੱਬ ਪਹੁੰਚੇ ਸੀ, ਜਿੱਥੇ ਉਨ੍ਹਾਂ ਨੇ ਕਿਹਾ ਕਿ ਹੁਣ ਸਾਡੇ ਵਿਚਕਾਰ ਸਭ ਕੁੱਝ ਠੀਕ ਹੈ ਅਤੇ ਇਕ ਵਾਰ ਫਿਰ ਅਸੀਂ ਇਕੱਠੇ ਹਾਂ। ਪ੍ਰੈੱਸ ਕਾਨਫਰੰਸ ਕਰਦੇ ਹੋਏ ਜੋਤੀ ਨੂਰਾ ਦੇ ਪਤੀ ਕੁਨਾਲ ਨੇ ਕਿਹਾ ਕਿ ਸਾਡੇ ਦੋਹਾਂ ਵਿਚਕਾਰ ਗਲਤਫਹਿਮੀ ਹੋ ਗਈ ਸੀ, ਜਿਸ ਦਾ ਕਈ ਲੋਕ ਫਾਇਦਾ ਉਠਾਉਣਾ ਚਾਹੁੰਦੇ ਸਨ ਪਰ ਰੱਬ ਦੀ ਕਿਰਪਾ ਨਾਲ ਹੁਣ ਸਾਡੇ ਵਿਚਕਾਰ ਸਭ ਕੁਝ ਠੀਕ ਹੈ। ਇਸ ਦੇ ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਨਸ਼ੇ ‘ਤੇ ਉਨ੍ਹਾਂ ਕਿਹਾ ਕਿ ਉਹ ਸਿਰਫ ਸਿਗਰਟ ਪੀਂਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ।
ਇਸ ਦੇ ਨਾਲ ਹੀ ਉਨ੍ਹਾਂ 20 ਕਰੋੜ ਰੁਪਏ ਆਪਣੇ ਕੋਲ ਰੱਖਣ ਦੇ ਮਾਮਲੇ ਨੂੰ ਵੀ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਮਾਮਲਾ ਵੀ ਸੁਲਝਾ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੋਤੀ ਦਾ ਪਤੀ ਹੋਣ ਦੇ ਨਾਲ-ਨਾਲ ਉਹ ਉਸ ਦਾ ਮੈਨੇਜਰ ਵੀ ਹੈ, ਇਸ ਲਈ ਅਜਿਹੇ ਹਿਸਾਬ-ਕਿਤਾਬ ਚੱਲਦੇ ਰਹਿੰਦੇ ਹਨ। ਇਸ ਦੇ ਨਾਲ ਹੀ ਜੋਤੀ ਨੂਰਾ ਨੇ ਕਿਹਾ ਕਿ ਰੱਬ ਦੀ ਕਿਰਪਾ ਨਾਲ ਹੁਣ ਸਾਡੇ ਦੋਵਾਂ ‘ਚ ਸਭ ਕੁਝ ਠੀਕ ਹੈ ਅਤੇ ਮੈਂ ਜੋ ਤਲਾਕ ਲਈ ਅਰਜ਼ੀ ਦਿੱਤੀ ਸੀ, ਉਹ ਵੀ ਵਾਪਸ ਲੈ ਲਈ ਹੈ। ਨਸ਼ਾ ਕਰਨ ਦੇ ਜੋ ਇਲਜ਼ਾਮ ਲੱਗੇ ਸਨ, ਉਹ ਗੁੱਸੇ ਵਿੱਚ ਕਹੇ ਗਏ ਸਨ।
ਦੱਸ ਦੇਈਏ ਕਿ ਜੋਤੀ ਨੇ ਕੁਨਾਲ ਨਾਲ 2014 ਵਿੱਚ ਲਵ ਮੈਰਿਜ ਕਰਵਾਈ ਸੀ। ਉਸ ਦਾ ਪਰਿਵਾਰ ਇਸ ਵਿਆਹ ਦੇ ਖਿਲਾਫ ਸੀ। ਫਿਰ ਚੰਡੀਗੜ੍ਹ ‘ਚ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਕੇ ਜੋਤੀ ਨੇ ਹਾਈਕੋਰਟ ਤੋਂ ਸੁਰੱਖਿਆ ਲੈ ਲਈ ਸੀ। ਹਾਲ ਹੀ ‘ਚ ਜੋਤੀ ਨੇ ਆਪਣੇ ਪਤੀ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ। ਜੋਤੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਕੋਈ ਵੀ ਉਨ੍ਹਾਂ ਦੇ ਪਤੀ ਕੋਲ ਸ਼ੋਅ ਬੁੱਕ ਕਰਨ ਲਈ ਨਾ ਜਾਵੇ। ਜੋਤੀ ਨੇ ਕੁਨਾਲ ‘ਤੇ 20 ਕਰੋੜ ਦੇ ਗਬਨ ਦੇ ਗੰਭੀਰ ਦੋਸ਼ ਵੀ ਲਾਏ ਸਨ।