ਸੁਖਬੀਰ ਬਾਦਲ ਖਿਲਾਫ ਬਗਾਵਤ ਕਰਨ ਵਾਲੇ ਆਗੂਆਂ ਨੂੰ ਅਕਾਲੀ ਦਲ ਨੇ ਕਰਾਰਾ ਜਵਾਬ ਦਿੱਤਾ ਹੈ। ਚੰਡੀਗੜ੍ਹ ‘ਚ ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੁਖਬੀਰ ਬਾਦਲ ਮੁਖੀ ਸੀ ਅਤੇ ਮੁਖੀ ਰਹਿਣਗੇ। ਉਨ੍ਹਾਂ ਕਿਹਾ ਕਿ ਝੂੰਦਾਂ ਕਮੇਟੀ ਦੀ ਰਿਪੋਰਟ ਵਿੱਚ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਕਿਤੇ ਵੀ ਕੋਈ ਸੁਝਾਅ ਨਹੀਂ ਹੈ। ਵਲਟੋਹਾ ਨੇ ਕਿਹਾ ਕਿ ਅਸੀਂ ਸੁਖਬੀਰ ਬਾਦਲ ਦੀ ਲੀਡਰਸ਼ਿਪ ‘ਤੇ ਪੂਰਾ ਭਰੋਸਾ ਪ੍ਰਗਟ ਕਰਦੇ ਹਾਂ। ਸਾਨੂੰ ਉਨ੍ਹਾਂ ਤੇ ਮਾਣ ਹੈ। ਸੁਖਬੀਰ ਇੱਕ ਅਗਾਂਹਵਧੂ ਅਤੇ ਨਿਮਰ ਆਗੂ ਹਨ। ਉਹ ਵਰਕਰਾਂ ਦੇ ਨਾਲ ਖੜ੍ਹੇ ਰਹਿੰਦੇ ਨੇ ਅਤੇ ਵਿਰੋਧੀਆਂ ਵਿੱਚ ਡਰ ਪੈਦਾ ਕਰਦੇ ਨੇ।
ਵਲਟੋਹਾ ਨੇ ਕਿਹਾ ਕਿ ਹਰ ਪਾਰਟੀ ਦਾ ਇਹ ਨਿਯਮ ਹੈ ਕਿ ਨੇਤਾਵਾਂ ਨੂੰ ਪਾਰਟੀ ਫੋਰਮ ‘ਤੇ ਹੀ ਗੱਲ ਕਰਨੀ ਚਾਹੀਦੀ ਹੈ, ਬਾਹਰ ਜਾ ਕੇ ਕੁੱਝ ਨਹੀਂ ਕਹਿਣਾ ਚਾਹੀਦਾ। ਇਹੀ ਨਿਯਮ ਅਕਾਲੀ ਦਲ ‘ਤੇ ਵੀ ਲਾਗੂ ਹੁੰਦਾ ਹੈ। ਜੇਕਰ ਕੋਈ ਬਾਹਰ ਜਾ ਕੇ ਪਾਰਟੀ ਪ੍ਰਤੀ ਕੁੱਝ ਕਹਿੰਦਾ ਹੈ ਜਾਂ ਕਰਦਾ ਹੈ ਤਾਂ ਉਹ ਪਾਰਟੀ ਦਾ ਹਿਤੈਸ਼ੀ ਨਹੀਂ ਹੈ। ਉਨ੍ਹਾਂ ਬਾਗੀਆਂ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਚੇਤਾਵਨੀ ਦਿੱਤੀ ਕਿ ਪਾਰਟੀ ਅੰਦਰ ਉਨ੍ਹਾਂ ਦੀ ਗੱਲ ਦਾ ਸਵਾਗਤ ਹੈ ਪਰ ਬਾਹਰੋਂ ਅਜਿਹੀਆਂ ਗੱਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ।