ਆਪਣੀ ਗਾਇਕੀ ਨੂੰ ਲੈ ਕੇ ਅਕਸਰ ਚਰਚਾ ਦਾ ਵਿਸ਼ਾ ਬਣਨ ਵਾਲੀ ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੀ ਜੋਤੀ ਨੂਰਾ ਇਨ੍ਹੀਂ ਦਿਨੀਂ ਸੁਰਖੀਆਂ ‘ਚ ਬਣੀ ਹੋਈ ਹੈ। ਹੁਣ ਖਬਰ ਆ ਰਹੀ ਹੈ ਕਿ ਜੋਤੀ ਨੂਰਾ ਆਪਣੇ ਪਤੀ ਤੋਂ ਵੱਖ ਹੋਣਾ ਚਾਹੁੰਦੀ ਹੈ। ਜਿਸ ਦੇ ਤਹਿਤ ਜੋਤੀ ਆਪਣੇ ਪਤੀ ਕੁਨਾਲ ਪਾਸੀ ਨੂੰ ਤਲਾਕ ਦੇਣ ਜਾ ਰਹੀ ਹੈ। ਆਪਣੇ ਪਤੀ ਤੋਂ ਵੱਖ ਹੋਣ ‘ਤੇ, ਜੋਤੀ ਦਾ ਦਾਅਵਾ ਹੈ ਕਿ ਕੁਨਾਲ ਉਸ ਦੇ ਕੰਮ ਵਿਚ ਦਖਲਅੰਦਾਜ਼ੀ ਕਰਦਾ ਹੈ, ਜੋ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ।
ਇਸ ਗੱਲ ਦਾ ਖੁਲਾਸਾ ਖੁਦ ਜੋਤੀ ਨੇ ਜਲੰਧਰ ‘ਚ ਕੀਤਾ ਹੈ। ਜੋਤੀ ਨੇ ਕੁਨਾਲ ਨਾਲ 2014 ‘ਚ ਲਵ ਮੈਰਿਜ ਕਰਵਾਈ ਸੀ। ਇਹ ਵਿਆਹ ਉਸ ਦੇ ਪਰਿਵਾਰ ਨੂੰ ਮਨਜ਼ੂਰ ਨਹੀਂ ਸੀ। ਫਿਰ ਚੰਡੀਗੜ੍ਹ ‘ਚ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਨ ਤੋਂ ਬਾਅਦ ਜੋਤੀ ਨੇ ਹਾਈਕੋਰਟ ਤੋਂ ਸੁਰੱਖਿਆ ਲੈ ਲਈ ਸੀ ਪਰ ਹੁਣ ਜੋਤੀ ਨੇ ਅਦਾਲਤ ‘ਚ ਕੁਨਾਲ ਨਾਲ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਹੈ। ਜੋਤੀ ਦਾ ਦੋਸ਼ ਹੈ ਕਿ ਕੁਨਾਲ ਉਸ ਨੂੰ ਤੰਗ ਕਰਦਾ ਹੈ, ਇਸ ਲਈ ਉਹ ਵੱਖ ਰਹਿ ਰਹੀ ਹੈ ਅਤੇ ਤਲਾਕ ਲਈ ਅਦਾਲਤ ਗਈ ਹੈ। ਜੋਤੀ ਦਾ ਇਲਜ਼ਾਮ ਹੈ ਕਿ ਕੁਨਾਲ ਉਨ੍ਹਾਂ ਦੇ ਸ਼ੋਅ ਨੂੰ ਖੁਦ ਬੁੱਕ ਕਰਵਾਉਂਦੇ ਸਨ ਪਰ ਹੁਣ ਤੋਂ ਕੋਈ ਵੀ ਕੁਨਾਲ ਕੋਲ ਸ਼ੋਅ ਬੁੱਕ ਕਰਨ ਲਈ ਨਾ ਜਾਵੇ।
ਇੰਨਾ ਹੀ ਨਹੀਂ ਮੀਡੀਆ ਰਿਪੋਰਟ ਮੁਤਾਬਕ ਜੋਤੀ ਨੂਰਾ ਨੇ ਆਪਣੇ ਪਤੀ ਕੁਨਾਲ ਪਾਸੀ ‘ਤੇ 20 ਕਰੋੜ ਦੇ ਗਬਨ ਦੇ ਗੰਭੀਰ ਦੋਸ਼ ਲਾਏ ਹਨ। ਜੋਤੀ ਨੂਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਜੋਤੀ ਨੂਰਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੂੰ ਆਪਣੇ ਪਤੀ ਤੋਂ ਜਾਨ ਦਾ ਖਤਰਾ ਹੈ। ਦੱਸ ਦਈਏ ਕਿ ਨੂਰਾ ਸਿਸਟਰਸ ਦਾ ਨਾਂ ਉਸ ਸਮੇਂ ਚਰਚਾ ‘ਚ ਆਇਆ ਸੀ, ਜਦੋਂ ਉਨ੍ਹਾਂ ਨੇ ਬਾਲੀਵੁੱਡ ਸੁਪਰਸਟਾਰ ਆਲੀਆ ਭੱਟ ਦੀ ਸੁਪਰਹਿੱਟ ਫਿਲਮ ‘ਹਾਈਵੇ’ ਦਾ ਗੀਤ ‘ਪਟਾਖਾ ਗੁੱਡੀ’ ਗਾਇਆ ਸੀ।