ਪੂਰੀ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਹਰ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਪਬੰਦੀਆਂ ਲਾਗੂ ਕਰ ਰਹੀ ਹੈ। ਇਸ ਦੌਰਾਨ ਪੂਰੇ ਵਿਸ਼ਵ ਵਿੱਚ ਕੋਰੋਨਾ ਵੈਕਸੀਨ ਵੀ ਲਗਾਈ ਜਾਂ ਰਹੀ ਹੈ। ਟੀਕਾਕਰਨ ਪ੍ਰੋਗਰਾਮ ਵਿੱਚ ਹਰ ਦੇਸ਼ ਨਿਰੰਤਰ ਤੇਜ਼ੀ ਲਿਆ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਸਮੇਂ ਹਰ ਦੇਸ਼ ਦੇ ਨਾਗਰਿਕ ਕੋਰੋਨਾ ਵੈਕਸੀਨ ਲਗਵਾਉਣ ਤੋਂ ਡਰ ਰਹੇ ਸੀ, ਓਸੇ ਤਰਾਂ ਨਿਊਜ਼ੀਲੈਂਡ ਦੇ ਵਾਸੀ ਵੀ ਟੀਕਾਕਰਨ ਪ੍ਰਤੀ ਘੱਟ ਦਿਲਚਸਪੀ ਦਿਖਾ ਰਹੇ ਸੀ।
ਪਰ ਹੁਣ ਇੱਕ ਤਾਜ਼ਾ ਖੋਜ ਅਨੁਸਾਰ, ਨਿਊਜ਼ੀਲੈਂਡ ਵਾਸੀਆਂ ਦਾ ਕੋਵੀਡ -19 ਟੀਕਾ ਲਗਵਾਉਣ ਦਾ ਇਰਾਦਾ ਪਿਛਲੇ ਸਾਲ ਤੋਂ ਹੁਣ ਤੱਕ ਕਾਫੀ ਬਦਲ ਗਿਆ ਹੈ, ਹੁਣ ਹਰ 5 ਵਿੱਚੋਂ 4 ਨਿਊਜ਼ੀਲੈਂਡ ਵਾਸੀ ਕੋਰੋਨਾ ਵੈਕਸੀਨ ਲਗਵਾਉਣਾ ਚਾਹੁੰਦੇ ਹਨ। ਬਾਲਗਾਂ ਦੀ ਆਬਾਦੀ ਵਿੱਚੋਂ 81 ਫੀਸਦੀ ਲੋਕ ਹੁਣ ਕੋਰੋਨਾ ਟੀਕਾ ਲਗਵਾਉਣ ਲਈ ਤਿਆਰ ਹਨ। ਸਿਹਤ ਮੰਤਰਾਲੇ ਦਾ ਸਰਵੇਖਣ, ਜੋ ਪਿਛਲੇ ਸਾਲ ਤੋਂ ਕੋਵਿਡ-19 ਟੀਕਿਆਂ ਸਬੰਧੀ ਲੋਕਾਂ ਦੀ ਇੱਛਾ ‘ਤੇ ਨਜ਼ਰ ਰੱਖ ਰਿਹਾ ਹੈ, ਵੀ ਪੁਸ਼ਟੀ ਕਰਦਾ ਹੈ ਕਿ ਮਈ ਵਿੱਚ ਸੰਭਾਵਿਤ ਤੌਰ’ ਤੇ ਵਾਧਾ 80 ਫੀਸਦੀ ਹੋ ਗਿਆ ਸੀ, ਜੋ ਅਪ੍ਰੈਲ ਵਿੱਚ 77 ਫੀਸਦੀ ਅਤੇ ਇਸ ਸਾਲ ਮਾਰਚ ਵਿੱਚ ਸਿਰਫ 69 ਫੀਸਦੀ ਸੀ। ਇਹ ਵਾਧਾ ਲਿੰਗ, ਉਮਰ, ਵਿੱਦਿਆ ਅਤੇ ਜਾਤੀ ਵਿੱਚ ਨਜ਼ਰ ਆਉਂਦਾ ਹੈ। ਟੀਕਾ ਲਗਵਾਉਣ ਲਈ ਤਿਆਰ ਹੋਣ ਵਾਲਿਆਂ ਵਿੱਚ ਮਾਓਰੀ ਮੂਲ ਦੇ ਲੋਕਾਂ ਦੀ ਗਿਣਤੀ ਵਿੱਚ 10 ਫੀਸਦੀ ਵਾਧਾ ਹੋਇਆ ਹੈ, ਜੋ ਮਾਰਚ ਵਿੱਚ 44 ਫੀਸਦੀ ਸੀ ਅਤੇ ਮਈ ਵਿੱਚ 54 ਫੀਸਦੀ।
ਹਾਲਾਂਕਿ, ਟੀਕਾਕਰਣ ਨੂੰ “ਨਿਸ਼ਚਤ ਤੌਰ ‘ਤੇ ਨਾਹ” ਕਹਿਣ ਵਾਲੇ ਲੋਕਾਂ ਦੀ ਸੰਖਿਆ ਤੁਲਨਾਤਮਕ ਤੌਰ ‘ਤੇ ਸਥਿਰ ਹੈ, ਜੋ ਕਿ ਮਈ ਵਿੱਚ ਸਿਰਫ ਥੋੜ੍ਹਾ ਜਿਹਾ ਘੱਟ ਕੇ 8 ਫੀਸਦੀ ਹੋਈ ਹੈ, ਜੋ ਮਾਰਚ ਵਿੱਚ 9 ਫੀਸਦੀ ਸੀ। ਪਰ ਬਹੁਤ ਸਾਰੇ ਲੋਕ ਅਜੇ ਵੀ ਅਜਿਹੇ ਹਨ ਜੋ ਟੀਕੇ ਦੀ ਸੁਰੱਖਿਆ ਬਾਰੇ ਵਧੇਰੇ ਜਾਣਕਾਰੀ ਚਾਹੁੰਦੇ ਹਨ।