ਪੰਜਾਬ ਦੇ ਪਟਿਆਲਾ ‘ਚ ਬੁੱਧਵਾਰ ਨੂੰ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀ ਪਟਿਆਲਾ ਮੇਨ ਬ੍ਰਾਂਚ ‘ਚ ਇੱਕ 10 ਤੋਂ 12 ਸਾਲਾ ਲੜਕਾ 35 ਲੱਖ ਰੁਪਏ ਲੁੱਟ ਕੇ ਰਫੂਚੱਕਰ ਹੋ ਗਿਆ। ਇਹ ਲੱਖਾਂ ਰੁਪਏ ਦੀ ਰਕਮ ਏ.ਟੀ.ਐਮ ਵਿੱਚ ਜਮ੍ਹਾ ਕਰਵਾਉਣ ਲਈ ਰੱਖੀ ਹੋਈ ਸੀ। ਬੈਗ ਗਾਇਬ ਹੋਣ ‘ਤੇ ਬੈਂਕ ‘ਚ ਹੜਕੰਪ ਮਚ ਗਿਆ। ਜਲਦਬਾਜ਼ੀ ‘ਚ ਬੈਂਕ ‘ਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਗਈ ਅਤੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਸੂਚਨਾ ਮਿਲਦੇ ਹੀ ਐਸਪੀ ਸਿਟੀ ਵਜ਼ੀਰ ਸਿੰਘ ਪੂਰੀ ਟੀਮ ਸਮੇਤ ਮੌਕੇ ’ਤੇ ਪੁੱਜੇ। ਜਾਂਚ ਤੋਂ ਬਾਅਦ ਐਸਪੀ ਨੇ ਦੱਸਿਆ ਕਿ ਸਵੇਰੇ ਕਰੀਬ 11.30 ਵਜੇ ਇੱਕ ਨਾਬਾਲਗ ਲੜਕਾ ਬੈਂਕ ਵਿੱਚ ਆਇਆ ਅਤੇ 35 ਲੱਖ ਰੁਪਏ ਵਾਲਾ ਬੈਗ ਲੈ ਕੇ ਫਰਾਰ ਹੋ ਗਿਆ। ਇਸ ਤੋਂ ਪਹਿਲਾਂ ਉਸ ਨੇ 15-20 ਮਿੰਟ ਤੱਕ ਬੈਂਕ ਦੀ ਰੇਕੀ ਕੀਤੀ। ਮੌਕਾ ਮਿਲਦੇ ਹੀ ਉਹ ਬੈਗ ਲੈ ਕੇ ਫ਼ਰਾਰ ਹੋ ਗਿਆ।
ਐਸਬੀਆਈ ਵਿੱਚ ਜਿਸ ਤਰੀਕੇ ਨਾਲ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ, ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਲੱਗ ਰਹੀ ਹੈ। ਬੱਚਾ ਵੀ ਕਿਸੇ ਚੋਰ ਗਿਰੋਹ ਦਾ ਮੈਂਬਰ ਜਾਪਦਾ ਹੈ। ਪੁਲਿਸ ਨੇ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਹੈ ਅਤੇ ਪੈਸਿਆਂ ਵਾਲਾ ਬੈਗ ਲੈ ਕੇ ਨਿਕਲੇ ਨਾਬਾਲਗ ਦੀ ਭਾਲ ਜਾਰੀ ਹੈ। ਦੱਸਿਆ ਗਿਆ ਕਿ ਬੈਂਕ ‘ਚ ਬੱਚਾ ਇਕੱਲਾ ਨਹੀਂ ਸੀ, ਸਗੋਂ ਉਸ ਦੇ ਨਾਲ ਇਕ ਹੋਰ 25 ਸਾਲਾ ਨੌਜਵਾਨ ਵੀ ਨਜ਼ਰ ਆ ਰਿਹਾ ਹੈ। ਐਸਪੀ ਨੇ ਦੱਸਿਆ ਕਿ ਪੁਲਿਸ ਦੀਆਂ ਕਈ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਫਿਲਹਾਲ ਪੈਸੇ ਲੈ ਕੇ ਭੱਜਣ ਵਾਲੇ ਲੜਕੇ ਦਾ ਪਤਾ ਨਹੀਂ ਲੱਗ ਸਕਿਆ ਹੈ।