ਇੰਗਲੈਂਡ ਦੇ ਬਰਮਿੰਘਮ ‘ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ (CWG-2022) ਵਿੱਚ ਲੁਧਿਆਣੇ ਦੇ ਵਿਕਾਸ ਠਾਕੁਰ ਨੇ ਵੱਡੀ ਜਿੱਤ ਦਰਜ ਕਰਦਿਆਂ ਭਾਰਤ ਦੀ ਝੋਲੀ ਸਿਲਵਰ ਮੈਡਲ ਪਾਇਆ ਹੈ, ਖਾਸ ਗੱਲ ਇਹ ਹੈ ਕਿ ਵਿਕਾਸ ਸਿੱਧੂ ਮੂਸੇਵਾਲੇ ਦਾ ਪ੍ਰਸ਼ੰਸਕ ਹੈ ਤੇ ਮੈਡਲ ਜਿੱਤਣ ਮਗਰੋਂ ਵਿਕਾਸ ਨੇ ਸਿੱਧੂ ਵਾਂਗ ਥਾਪੀ ਵੀ ਮਾਰੀ। ਵਿਕਾਸ ਠਾਕੁਰ ਦੇ ਪਿਤਾ ਨੇ ਦੱਸਿਆ ਕਿ ਵਿਕਾਸ ਸਿੱਧੂ ਦਾ ਬਹੁਤ ਵੱਡਾ ਫੈਨ ਹੈ। ਜਿਸ ਦਿਨ ਸਿੱਧੂ ਦਾ ਕਤਲ ਹੋਇਆ ਸੀ, ਉਸ ਦਿਨ ਉਹ ਬਹੁਤ ਨਿਰਾਸ਼ ਸੀ ਅਤੇ ਘੱਟੋ-ਘੱਟ 3 ਦਿਨ ਤੱਕ ਉਸ ਨੇ ਰੋਟੀ ਵੀ ਨਹੀਂ ਖਾਧੀ ਸੀ। ਅੱਜ ਵੀ ਜਦੋਂ ਵਿਕਾਸ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ ਤਾਂ ਉਸ ਨੇ ਮੂਸੇਵਾਲਾ ਦੇ ਅੰਦਾਜ਼ ‘ਚ ਪੱਟ ‘ਤੇ ਥਾਪੀ ਮਾਰ ਕੇ ਇਸ ਜਿੱਤ ਦਾ ਜਸ਼ਨ ਮਨਾਇਆ।
ਇੰਨ੍ਹਾਂ ਹੀ ਨਹੀਂ ਵਿਕਾਸ ਠਾਕੁਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੀ ਹੈਟ੍ਰਿਕ ਪੂਰੀ ਕਰ ਲਈ ਹੈ। ਇਸ ਦੇ ਨਾਲ ਹੀ ਵਿਕਾਸ ਨੇ ਮਾਂ ਨਾਲ ਕੀਤਾ ਵਾਅਦਾ ਵੀ ਪੂਰਾ ਕੀਤਾ ਹੈ। ਵਿਕਾਸ ਠਾਕੁਰ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਉਸ ਦਾ ਫਾਈਨਲ ਉਸ ਦੀ ਮਾਂ ਦੇ ਜਨਮਦਿਨ ਵਾਲੇ ਦਿਨ ਹੋਵੇਗਾ ਅਤੇ ਅੱਜ ਉਸੇ ਦਿਨ ਵਿਕਾਸ ਨੇ ਆਪਣੀ ਮਾਂ ਆਸ਼ਾ ਠਾਕੁਰ ਨਾਲ ਕੀਤੇ ਵਾਅਦੇ ਨੂੰ ਨਿਭਾ ਕੇ ਦੇਸ਼ ਦੀ ਝੋਲੀ ਮੈਡਲ ਪਾਇਆ ਹੈ। ਵਿਕਾਸ ਨੇ ਪਹਿਲਾਂ 2014 ਵਿੱਚ ਚਾਂਦੀ, 2018 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਹੁਣ 2022 ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।