ਨਿਊਜ਼ੀਲੈਂਡ ਜਾਣ ਦੇ ਚਾਹਵਾਨਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਦੀਆਂ ਸਰਹੱਦਾਂ ਹੁਣ ਪੂਰੀ ਤਰ੍ਹਾਂ ਦੁਨੀਆ ਲਈ ਦੁਬਾਰਾ ਖੋਲ੍ਹ ਦਿੱਤੀਆਂ ਗਈਆਂ ਹਨ। ਕੋਵਿਡ -19 ਕਾਰਨ ਬੰਦ ਕੀਤੇ ਗਏ ਬਾਰਡਰ ਦੇ ਮੁੜ ਖੋਲ੍ਹਣ ਦੇ ਪੰਜ ਪੜਾਵਾਂ ਵਿੱਚੋਂ ਆਖਰੀ ਐਤਵਾਰ ਨੂੰ ਰਾਤ 11.59 ਵਜੇ ਸ਼ੁਰੂ ਹੋਇਆ ਹੈ। ਪਰ ਇੱਥੇ ਖਾਸ ਗੱਲ ਇਹ ਹੈ ਕਿ ਇਸ ਦੀ ਸ਼ੁਰੂਆਤ ‘ਚ ਹੀ ਲੋਕਾਂ ‘ਚ ਨਿਊਜ਼ੀਲੈਂਡ ਆਉਣ ਦਾ ਕਰੇਜ਼ ਦੇਖਣ ਨੂੰ ਮਿਲਿਆ ਹੈ, ਕਿਉਂਕ ਪਹਿਲੇ ਹੀ ਦਿਨ ਹੀ ਹਜ਼ਾਰਾਂ ਲੋਕਾਂ ਨੇ ਟੂਰਿਸਟ ਵੀਜੇ ਤੇ ਵਿਦਿਆਰਥੀ ਵੀਜੇ ਹਾਸਿਲ ਕਰਨ ਲਈ ਐੋਪਲੀਕੇਸ਼ਨਾਂ ਭੇਜੀਆਂ ਹਨ। ਦਰਅਸਲ ਪਹਿਲੇ ਦਿਨ 2863 ਵਿਜ਼ਟਰ ਤੇ 696 ਵਿਦਿਆਰਥੀ ਵੀਜੇ ਦੀਆਂ ਫਾਈਲਾਂ ਲਾਈਆਂ ਗਈਆਂ ਹਨ।
ਵਿਜ਼ਟਰ ਵੀਜੇ ਦੀ ਗੱਲ ਕਰੀਏ ਤਾਂ 2019 ਦੇ ਮੁਕਾਬਲੇ ਅਪਲਾਈ ਕਰਨ ਵਾਲਿਆਂ ਦੀ ਗਿਣਤੀ 70 ਫੀਸਦੀ ਵੱਧ ਹੈ। ਉੱਥੇ ਹੀ ਇਮੀਗ੍ਰੇਸ਼ਨ ਨੇ ਵਿਜ਼ਟਰ ਵੀਜੇ ਦੀਆਂ ਫਾਈਲਾਂ ਨੂੰ ਵੱਧ ਤੋਂ ਵੱਧ 20 ਦਿਨਾਂ ਵਿੱਚ ਸਿਰੇ ਚੜਾਉਣ ਦੀ ਗੱਲ ਵੀ ਕਹੀ ਹੈ। ਦੱਸ ਦੇਈਏ ਕਿ ਹੁਣ ਸਮੁੰਦਰੀ ਸਰਹੱਦ ਨੂੰ ਖੋਲ੍ਹਣ ਦੇ ਨਾਲ-ਨਾਲ ਦੁਨੀਆ ਵਿੱਚੋਂ ਕਿਤੋਂ ਵੀ ਸੈਲਾਨੀ, ਵਿਜ਼ਟਰ ਅਤੇ ਵਿਦਿਆਰਥੀ ਵੀਜ਼ੇ ਲਈ ਅਰਜ਼ੀਆਂ ਦੇ ਸਕਦੇ ਹਨ।