ਦਿੱਲੀ ਏਅਰਪੋਰਟ ‘ਤੇ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਹੁੰਦਾ ਹੁੰਦਾ ਟਲ ਗਿਆ, ਦਰਅਸਲ ਉਡਾਣ ਭਰਨ ਤੋਂ ਪਹਿਲਾ ਇੱਕ ਕਾਰ ਇੰਡੀਗੋ ਜਹਾਜ਼ ਦੇ ਹੇਠਾਂ ਆ ਗਈ ਹਾਲਾਂਕਿ ਇਸ ਦੌਰਾਨ ਕਾਰ ਜਹਾਜ਼ ਦੇ ਪਹੀਏ ਨਾਲ ਟਕਰਾਉਣ ਤੋਂ ਵਾਲ-ਵਾਲ ਬਚ ਗਈ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਗੋ ਫਸਟ ਏਅਰਲਾਈਨ ਦੀ ਸੀ। ਇਹ ਹਾਦਸਾ ਏਅਰਪੋਰਟ ਦੇ ਟੀ2 ਟਰਮੀਨਲ ਦੇ ਸਟੈਂਡ ਨੰਬਰ 201 ‘ਤੇ ਵਾਪਰਿਆ ਹੈ। ਇੱਥੇ ਗੋ ਫਸਟ ਏਅਰਲਾਈਨ ਦੀ ਕਾਰ ਇੰਡੀਗੋ ਦੀ A320neo ਫਲਾਈਟ ਦੇ ਥੱਲੇ ਆ ਗਈ ਸੀ। DGCA ਮਾਮਲੇ ਦੀ ਜਾਂਚ ਕਰੇਗਾ। ਦੂਜੇ ਪਾਸੇ ਕਾਰ ਚਾਲਕ ਦਾ ਬ੍ਰੇਥ ਐਨਾਲਾਈਜ਼ਰ ਟੈਸਟ ਕਰਵਾਇਆ ਗਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਸ ਨੇ ਸ਼ਰਾਬ ਪੀਤੀ ਸੀ ਜਾਂ ਨਹੀਂ। ਹਾਲਾਂਕਿ, ਟੈਸਟ ਨੈਗੇਟਿਵ ਪਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਨਾ ਹੀ ਜਹਾਜ਼ ਨੂੰ ਕੋਈ ਨੁਕਸਾਨ ਪਹੁੰਚਿਆ ਹੈ। ਰਿਪੋਰਟਾਂ ਅਨੁਸਾਰ ਮੰਗਲਵਾਰ ਸਵੇਰੇ ਇੰਡੀਗੋ ਦੀ ਫਲਾਈਟ ਪਟਨਾ ਲਈ ਉਡਾਣ ਭਰਨ ਵਾਲੀ ਸੀ। ਜਦੋਂ ਇਹ ਕਾਰ ਜਹਾਜ ਦੇ ਹੇਠਾਂ ਆ ਗਈ। ਹਾਲਾਂਕਿ ਕਾਰ ਜਹਾਜ਼ ਦੇ ਪਹੀਆਂ ਨਾਲ ਟਕਰਾਉਣ ਤੋਂ ਬਚ ਗਈ। ਇਸ ਤੋਂ ਬਾਅਦ ਜਹਾਜ਼ ਨੇ ਪਟਨਾ ਲਈ ਉਡਾਣ ਭਰੀ।