ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਇੱਕ ਅਜੀਬ ਕਹਾਣੀ ਸਾਹਮਣੇ ਆਈ ਹੈ। ਇੱਕ ਜੋੜਾ ਸੋਮਵਾਰ ਨੂੰ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਉਣ ਲਈ ਵਿਸ਼ਾਖਾਪਟਨਮ ਦੇ ਆਰਕੇ ਬੀਚ ‘ਤੇ ਗਿਆ ਸੀ। ਪਰ ਇਸ ਦੌਰਾਨ ਪਤਨੀ ਗਾਇਬ ਹੋ ਗਈ। ਪਤੀ ਨੂੰ ਲੱਗਿਆ ਕਿ ਸ਼ਾਇਦ ਉਹ ਸਮੁੰਦਰ ਵਿੱਚ ਡੁੱਬ ਗਈ ਹੈ। ਉਹ ਉਸਦੀ ਲਾਸ਼ ਲੱਭਦਾ ਰਿਹਾ। ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਆਂਧਰਾ ਦੇ ਨੇਲੋਰ ਵਿੱਚ ਆਪਣੇ ਪ੍ਰੇਮੀ ਨਾਲ ਹੈ।
ਬੀਚ ਲਾਪਤਾ ਹੋਣ ਤੋਂ ਬਾਅਦ ਪਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਪੁਲੀਸ ਨੇ ਬੀਚ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਦੋ ਦਿਨਾਂ ਤੱਕ ਔਰਤ ਦੀ ਲਾਸ਼ ਦੀ ਭਾਲ ਕੀਤੀ। ਇਸ ਦੇ ਲਈ ਨੇਵੀ ਹੈਲੀਕਾਪਟਰ ਦੀ ਮਦਦ ਵੀ ਲਈ ਗਈ ਹੈ। ਇਸ ਦੇ ਨਾਲ ਹੀ ਮਰੀਨ ਪੁਲਿਸ, ਗੋਤਾਖੋਰਾਂ, ਮਛੇਰਿਆਂ ਨੇ ਵੀ ਸਰਚ ਕੀਤੀ। ਸਰਚ ਆਪਰੇਸ਼ਨ ਵਿੱਚ ਪ੍ਰਸ਼ਾਸਨ ਵੱਲੋਂ ਕਰੀਬ ਇੱਕ ਕਰੋੜ ਰੁਪਏ ਖਰਚ ਕੀਤੇ ਗਏ।
21 ਸਾਲਾ ਸਾਈਪ੍ਰਿਆ ਵਿਸ਼ਾਖਾਪਟਨਮ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਦੋ ਸਾਲ ਪਹਿਲਾਂ ਸ਼੍ਰੀਕਾਕੁਲਮ ਦੇ ਰਹਿਣ ਵਾਲੇ ਸ਼੍ਰੀਨਿਵਾਸ ਰਾਓ ਨਾਲ ਹੋਇਆ ਸੀ। ਸੋਮਵਾਰ ਨੂੰ ਪਤੀ-ਪਤਨੀ ਆਪਣੀ ਦੂਜੀ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਪਹਿਲਾਂ ਸਿਮਹਾਚਲਮ ਮੰਦਰ ਗਏ ਅਤੇ ਫਿਰ ਬੀਚ ‘ਤੇ ਸੈਰ ਕਰਨ ਗਏ। ਸੋਮਵਾਰ ਰਾਤ ਨੂੰ ਇਹ ਜੋੜਾ ਬੀਚ ‘ਤੇ ਸੈਰ ਕਰ ਰਿਹਾ ਸੀ। ਇਸ ਦੌਰਾਨ ਪਤੀ ਨੂੰ ਫੋਨ ਆਇਆ ਅਤੇ ਉਹ ਆਪਣੀ ਪਤਨੀ ਨੂੰ ਛੱਡ ਕੇ ਦੂਜੇ ਪਾਸੇ ਚਲਾ ਗਿਆ, ਕਿਉਂਕਿ ਉਸ ਦੀ ਪਤਨੀ ਫੋਨ ‘ਤੇ ਸੈਲਫੀ ਲੈ ਰਹੀ ਸੀ। ਜਦੋਂ ਉਹ ਕੁਝ ਮਿੰਟਾਂ ਬਾਅਦ ਵਾਪਸ ਆਇਆ ਤਾਂ ਪਤਨੀ ਨਹੀਂ ਮਿਲੀ। ਉਸ ਨੂੰ ਲੱਗਾ ਕਿ ਪਤਨੀ ਸਮੁੰਦਰ ‘ਚ ਰੁੜ੍ਹ ਗਈ ਹੈ, ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।
ਮਹਿਲਾ ਆਰਕੇ ਬੀਚ ਤੋਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਅਤੇ ਟਰੇਨ ‘ਚ ਸਵਾਰ ਹੋ ਕੇ ਨੇਲੋਰ ਦੇ ਕਵਾਲੀ ਪਹੁੰਚੀ। ਫਰਾਰ ਹੋਣ ਤੋਂ ਪਹਿਲਾਂ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਡਿਲੀਟ ਕਰ ਦਿੱਤਾ ਸੀ ਅਤੇ ਉਹ ਆਪਣਾ ਫ਼ੋਨ ਨਹੀਂ ਲੈ ਕੇ ਆਈ ਸੀ। ਨੇਲੋਰ ਪਹੁੰਚਣ ਤੋਂ ਬਾਅਦ, ਉਸਨੇ ਇੱਕ ਨਵਾਂ ਸਿਮ ਖਰੀਦਿਆ ਅਤੇ ਆਪਣੇ ਮਾਪਿਆਂ ਨੂੰ ਸੁਨੇਹਾ ਭੇਜਿਆ ਕਿ ਉਹ ਸੁਰੱਖਿਅਤ ਹੈ ਅਤੇ ਆਪਣੇ ਬੁਆਏਫ੍ਰੈਂਡ ਰਵੀ ਦੇ ਨਾਲ ਹੈ।
ਉਸਨੇ ਇੱਕ ਵਟਸਐਪ ਵੌਇਸ ਸੰਦੇਸ਼ ਭੇਜ ਕੇ ਆਪਣੇ ਮਾਪਿਆਂ ਨੂੰ ਕਿਹਾ ਕਿ ਉਸਦਾ ਵਿਆਹ ਰਵੀ ਨਾਲ ਹੋਇਆ ਹੈ, ਇਸ ਲਈ ਉਸਨੂੰ ਲੱਭਣ ਦੀ ਕੋਸ਼ਿਸ਼ ਨਾ ਕਰੋ। ਉਸ ਨੇ ਸਰਕਾਰੀ ਅਧਿਕਾਰੀਆਂ ਤੋਂ ਉਸ ਨੂੰ ਲੱਭਣ ਲਈ ਹੋਈ ਮੁਸੀਬਤ ਲਈ ਮੁਆਫੀ ਵੀ ਮੰਗੀ। ਉਸ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਜੇਕਰ ਉਹ ਉਸ ਦੇ ਟਿਕਾਣੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਆਤਮ ਹੱਤਿਆ ਕਰ ਲਵੇਗੀ।