ਆਕਲੈਂਡ ਤੋਂ ਸਿੱਖਾਂ ਅਤੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਉਣ ਵਾਲੀ ਇੱਕ ਖਬਰ ਸਾਹਮਣੇ ਆਈ ਹੈ। ਦਰਅਸਲ ਆਕਲੈਂਡ ਦੇ ਸ਼ਹਿਰ ਮੈਨੂਕਾਓ ਵਿੱਚ ਇੱਕ ਗਲੀ ਦਾ ਨਾਮ ‘ਵਾਹਿਗੁਰੂ ਲੇਨ’ (Waheguru Lane) ਰੱਖਿਆ ਗਿਆ ਹੈ। ਦੱਸ ਦੇਈਏ ਕਿ ਆਕਲੈਂਡ ਵਿਖੇ ਘਰ ਬਣਾਉਣ ਵਾਲੀ ਪੰਜਾਬੀਆਂ ਦੀ ਇੱਕ ਕੰਪਨੀ ‘ਸਨਸ਼ਾਈਨ ਹੋਮਜ਼ ਲਿਮਿਟਡ’ ਨੇ ਜਦੋਂ ਆਕਲੈਂਡ ਦੇ ਸ਼ਹਿਰ ਮੈਨੂਕਾਓ ਨੇੜੇ ਰੀਡਾਊਟ ਰੋਡ ‘ਤੇ 3 ਵੱਡੇ ਪਲਾਟ ਲੈ ਕੇ ਨਵੇਂ ਘਰ ਬਣਾਉਣੇ ਸੀ ਤਾਂ ਉਨ੍ਹਾਂ ਉਥੇ ਬਣਨ ਵਾਲੀ ਨਵੀਂ ਗਲੀ ਦਾ ਨਾਂਅ ਰੱਖਣ ਲਈ 3 ਨਾਮ ਪੇਸ਼ ਕੀਤੇ ਸਨ, ਜਿਹੜੇ ਕਿਤੇ ਨਾ ਕਿਤੇ ਵਾਹਿਗੁਰੂ ਦੀ ਯਾਦ ਦਿਵਾਉਂਦੇ ਸਨ। ਨਵੰਬਰ 2021 ‘ਚ ਨਾਂਅ ਰੱਖਣ ਵਾਲੀ ਕੌਂਸਲ ਨਾਲ ਗੱਲ ਚੱਲੀ ਸੀ।
ਨਿਊਜ਼ੀਲੈਂਡ ‘ਚ ਬਣ ਰਹੀਆਂ ਨਵੀਂਆਂ ਗਲੀਆਂ ਅਤੇ ਸੜਕਾਂ ਦੇ ਨਾਮ ਰੱਖਣ ਦਾ ਅਧਿਕਾਰ ਸਥਾਨਕ ਕੌਂਸਲ ਕੋਲ ਹੁੰਦਾ ਹੈ ਅਤੇ ਸਥਾਨਕ ਲੋਕਲ ਬੋਰਡ ਮੁੱਖ ਭੂਮਿਕਾ ਨਿਭਾਉਂਦੇ ਹਨ। ਆਕਲੈਂਡ ਵਿਚ 21 ਲੋਕਲ ਬੋਰਡ ਹਨ ਅਤੇ ਉਨ੍ਹਾਂ ਨੂੰ ਅਜਿਹੀਆਂ ਨਵੀਆਂ ਸੜਕਾਂ ਅਤੇ ਗਲੀ ਦੇ ਨਾਮ ਨੂੰ ਮਨਜ਼ੂਰੀ ਦੇਣ ਦਾ ਅੰਤਿਮ ਅਧਿਕਾਰ ਦਿੱਤਾ ਗਿਆ ਹੈ। ਉੱਥੇ ਹੀ ਇਸ ਮਾਮਲੇ ‘ਚ ਸਾਬਕਾ ਸੰਸਦ ਮੈਂਬਰ ਅਤੇ ਮੌਜੂਦਾ ਓਟਾਰਾ ਪਾਪਾਟੋਏਟੋਏ ਲੋਕਲ ਬੋਰਡ ਦੇ ਮੈਂਬਰ ਡਾ. ਅਸ਼ਰਫ ਚੌਧਰੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ, ਪਰ ਉਨ੍ਹਾਂ ਆਪਣੇ ਇੱਕ ਬਿਆਨ ‘ਚ ਕਿਹਾ ਕਿ, ‘ਵਾਹਿਗੁਰੂ ਲੇਨ’ ਸਨਸ਼ਾਈਨ ਹੋਮਜ਼ ਦੇ ਹੈਰੀ ਸਿੰਘ ਦੀ ਪਹਿਲਕਦਮੀ ਦਾ ਨਤੀਜਾ ਹੈ, ਜਿਨ੍ਹਾਂ ਨੇ ਖੇਤਰ ਵਿੱਚ 19 ਨਵੇਂ ਘਰ ਵਿਕਸਤ ਕੀਤੇ ਹਨ।