ਭਾਰਤ ਦੇ ਗੁਆਂਢੀ ਮੁਲਕ ਸ੍ਰੀਲੰਕਾ ਵਿੱਚ ਕੁੱਝ ਦਿਨ ਪਹਿਲਾਂ ਆਰਥਿਕ ਸੰਕਟ ਕਾਰਨ ਪੈਦਾ ਹੋਈ ਸਿਆਸੀ ਅਸਥਿਰਤਾ ਕਾਰਨ ਸੜਕਾਂ ’ਤੇ ਉਤਰੇ ਲੱਖਾਂ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਭਵਨ ਵਿੱਚ ਦਾਖ਼ਲ ਹੁੰਦੇ ਵੇਖੇ ਗਏ ਸੀ। ਅਜਿਹਾ ਹੀ ਕੁੱਝ ਹੁਣ ਇਰਾਕ ਵਿੱਚ ਹੋ ਰਿਹਾ ਹੈ। ਜਿੱਥੇ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਤੋਂ ਪਰੇਸ਼ਾਨ ਲੋਕ ਸੰਸਦ ਭਵਨ ਵਿੱਚ ਦਾਖਲ ਹੁੰਦੇ ਦੇਖੇ ਗਏ ਹਨ। ਸਥਾਨਕ ਸਮਾਚਾਰ ਏਜੰਸੀ ਮੁਤਾਬਿਕ ਪ੍ਰਦਰਸ਼ਨਕਾਰੀਆਂ ਨੇ ਇਰਾਕ ਦੀ ਰਾਜਧਾਨੀ ਬਗਦਾਦ ‘ਚ ਸੰਸਦ ਦੀ ਇਮਾਰਤ ‘ਚ ਭੰਨਤੋੜ ਵੀ ਕੀਤੀ ਹੈ। ਹਾਲਾਂਕਿ ਹੁਣ ਪ੍ਰਦਰਸ਼ਨਕਾਰੀ ਇਰਾਕੀ ਸੰਸਦ ‘ਚ ਦਾਖਲ ਹੋ ਕੇ ਉਥੋਂ ਵਾਪਸ ਪਰਤ ਰਹੇ ਹਨ। ਸਥਾਨਕ ਸਮਾਚਾਰ ਏਜੰਸੀਆਂ ਦੇ ਅਨੁਸਾਰ, ਬਗਦਾਦ ਦੀ ਸੰਸਦ ਵਿੱਚ ਭੰਨਤੋੜ ਕਰਨ ਵਾਲੇ ਇਰਾਕੀ ਪ੍ਰਦਰਸ਼ਨਕਾਰੀਆਂ ਨੂੰ ਇੱਕ ਪ੍ਰਭਾਵਸ਼ਾਲੀ ਮੌਲਵੀ, ਮੁਕਤਾਦਾ ਅਲ-ਸਦਰ ਦੇ ਸਮਰਥਕ ਮੰਨਿਆ ਜਾਂਦਾ ਹੈ। ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਦੌਰਾਨ ਆਪਣੇ ਹੱਥਾਂ ‘ਚ ਸ਼ੀਆ ਨੇਤਾ ਅਲ-ਸਦਰ ਦੀ ਤਸਵੀਰ ਚੁੱਕੀ ਹੋਈ ਸੀ।
ਫਿਲਹਾਲ ਇਸ ਪ੍ਰਦਰਸ਼ਨ ਦੌਰਾਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪ੍ਰਦਰਸ਼ਨਕਾਰੀ ਉੱਚ ਸੁਰੱਖਿਆ ਵਾਲੇ ਗ੍ਰੀਨ ਜ਼ੋਨ ‘ਚ ਦਾਖਲ ਹੋਏ ਤਾਂ ਇਰਾਕੀ ਸੰਸਦ ‘ਚ ਕੋਈ ਵੀ ਮੌਜੂਦ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਸੰਸਦ ਭਵਨ ‘ਚ ਸਿਰਫ ਸੁਰੱਖਿਆ ਕਰਮਚਾਰੀ ਤਾਇਨਾਤ ਸਨ, ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਸਦ ਭਵਨ ਦੇ ਅੰਦਰ ਜਾਣ ਦਿੱਤਾ। ਇਸ ਦੌਰਾਨ ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫਾ ਅਲ-ਕਾਦਿਮੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਸਦ ਵਿੱਚੋਂ ਵਾਪਸ ਆਉਣ ਦੀ ਅਪੀਲ ਕੀਤੀ ਹੈ। ਦਰਅਸਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੁਹੰਮਦ ਅਲ ਸੁਦਾਨੀ ਦੀ ਨਾਮਜ਼ਦਗੀ ਨੂੰ ਲੈ ਕੇ ਇਰਾਕੀ ਰਾਜਧਾਨੀ ‘ਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।