ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀਰਵਾਰ ਨੂੰ ਆਪਣੇ ਪੁੱਤ ਦਾ ਆਪਣੇ ਹੱਥ ‘ਤੇ ਟੈਟੂ ਬਣਵਾਇਆ ਹੈ, ਉਨ੍ਹਾਂ ਨਾਲ ਹੀ ‘ਸਰਵਨ ਪੁੱਤ’ ਲਿਖਵਾਇਆ ਹੈ।ਟੈਟੂ ਬਣਵਾਉਂਦੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਚਿਹਰੇ ‘ਤੇ ਖੁਸ਼ੀ ਵੇਖ ਤੁਹਾਡੀਆਂ ਵੀ ਅੱਖਾਂ ਭਰ ਆਉਣਗੀਆਂ। ਉਨ੍ਹਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਉਹ ਆਪਣੇ ਹੱਥ ਵਿੱਚ ਆਪਣੇ ਪੁੱਤ ਦਾ ਟੈਟੂ ਬਣਵਾ ਰਹੇ ਹਨ। ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਜਵਾਹਰਕੇ ਵਿਖੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਮੂਸੇਵਾਲਾ ਦਾ ਕਾਫੀ ਕ੍ਰੇਜ਼ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ‘ਚ ਵੱਡੀ ਗਿਣਤੀ ‘ਚ ਪ੍ਰਸ਼ੰਸਕ ਸ਼ਾਮਿਲ ਹੋਏ ਸਨ। ਕਈ ਨੌਜਵਾਨਾਂ ਨੇ ਮੂਸੇਵਾਲਾ ਦੇ ਟੈਟੂ ਬਣਵਾਏ ਹੋਏ ਸਨ। ਮੂਸੇਵਾਲਾ ਨੇ ਖੁਦ ਆਪਣੇ ਇੱਕ ਗੀਤ ‘ਚ ਕਿਹਾ ਸੀ ਕਿ ਉਨ੍ਹਾਂ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਲੋਕ ਉਨ੍ਹਾਂ ਦੇ ਹੱਥਾਂ ‘ਤੇ ਟੈਟੂ ਬਣਵਾਉਣਗੇ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਬੇਟੇ ਦੀ ਅੰਤਿਮ ਯਾਤਰਾ ਦੌਰਾਨ ਮੂਸੇਵਾਲਾ ਦੇ ਅੰਦਾਜ਼ ਵਿੱਚ ਪੱਟ ਤੇ ਥਾਪੀ ਮਾਰ ਕੇ ਪੁੱਤ ਨੂੰ ਵਿਦਾਇਗੀ ਦਿੱਤੀ ਸੀ। ਵੱਡੀ ਗਿਣਤੀ ‘ਚ ਪਹੁੰਚੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਦੇਖ ਕੇ ਬਲਕੌਰ ਸਿੰਘ ਭਾਵੁਕ ਹੋ ਗਏ ਸੀ। ਉਨ੍ਹਾਂ ਨੇ ਆਪਣੀ ਪੱਗ ਉਤਾਰ ਕੇ ਉੱਥੇ ਪਹੁੰਚੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਸੀ।