ਪੰਜਾਬ ਦੇ ਵਿੱਚ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਉਸ ਤੋਂ ਪਹਿਲਾ ਹੁਣ ਸਿਆਸੀ ਪਾਰਟੀਆਂ ਨੇ ਆਪਣੇ ਵਿਰੋਧੀਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਪੰਜਾਬ ਦੇ ਬਿਜਲੀ ਸੰਕਟ ਅਤੇ ਪੀਪੀਏ ਸਮਝੌਤਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਨੂੰ ਮੁੜ ਘੇਰਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਾਂਗਰਸ ਅਤੇ ਅਕਾਲੀ ਦਲ ਨੇ ਕਰੋੜਾਂ ਰੁਪਏ ਦੇ ਫੰਡ ਲੈ ਕੇ ਪੰਜਾਬ ਦੀ ਬਿਜਲੀ ਵੀ ਵੇਚ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ, “ਪੰਜਾਬ ਵਿੱਚ ਬਿਜਲੀ ਪਲਾਂਟ ਲਾਉਣ ਵਾਲੀਆਂ ਪ੍ਰਾਈਵੇਟ ਬਿਜਲੀ ਕੰਪਨੀਆਂ ਕੋਲੋਂ ਕਾਂਗਰਸ ਪਾਰਟੀ ਨੇ ਕਰੋੜਾਂ ਰੁਪਏ ਫੰਡ ਵਜੋਂ ਲਏ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪਲਾਂਟਾਂ ‘ਚ ਹਿਸੇਦਾਰੀ ਪਾਈ ਹੈ, ਜਿਸ ਕਾਰਨ ਪੰਜਾਬ ਵਾਸੀਆਂ ਨੂੰ ਦੇਸ਼ ਭਰ ਵਿੱਚ ਸਭ ਤੋਂ ਮਹਿੰਗੀ ਬਿਜਲੀ ਖ਼ਰੀਦਣੀ ਪੈ ਰਹੀ ਹੈ।”
ਭਗਵੰਤ ਮਾਨ ਨੇ ਸੋਮਵਾਰ ਨੂੰ ਪਾਰਟੀ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਵਿੱਚ ਤਿੰਨ ਪ੍ਰਾਈਵੇਟ ਬਿਜਲੀ ਕੰਪਨੀਆਂ ਨੇ ਬਿਜਲੀ ਪਲਾਂਟ ਸਥਾਪਤ ਕੀਤੇ ਹਨ ਅਤੇ ਕਾਂਗਰਸ ਪਾਰਟੀ ਨੇ ਇਨਾਂ ਸਾਰੀਆਂ ਕੰਪਨੀਆਂ ਤੋਂ 15.35 ਕਰੋੜ ਰੁਪਏ ਲਏ ਹਨ। ਇਸ ਸੰਬੰਧੀ ਵੇਰਵਾ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ, “ਕਾਂਗਰਸ ਪਾਰਟੀ ਨੇ ਤਲਵੰਡੀ ਸਾਬੋ ਵਿਖੇ ਬਿਜਲੀ ਪਲਾਂਟ ਲਾਉਣ ਵਾਲੀ ਐਲ ਐਂਡ ਟੀ ਕੰਪਨੀ ਤੋਂ ਪਹਿਲਾਂ ਇੱਕ ਕਰੋੜ, ਫਿਰ 2 ਕਰੋੜ 25 ਲੱਖ ਅਤੇ ਤੀਜੀ ਵਾਰ 5 ਕਰੋੜ ਫੰਡ ਵਜੋਂ ਲਏ ਹਨ। ਇਸੇ ਤਰਾਂ ਰਾਜਪੁਰਾ ਵਿਖੇ ਬਿਜਲੀ ਪਲਾਂਟ ਲਾਉਣ ਵਾਲੀ ਕੰਪਨੀ ਤੋਂ ਪਹਿਲਾਂ 5 ਕਰੋੜ ਅਤੇ ਫਿਰ 2 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜਦਕਿ ਜੀਬੀਕੇ ਕੰਪਨੀ ਤੋਂ 10 ਲੱਖ ਰੁਪਏ ਫੰਡ ਵਜੋਂ ਲਏ ਗਏ ਹਨ।”
ਅਕਾਲੀਆਂ ‘ਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ “ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਿਜਲੀ ਕੰਪਨੀਆਂ ਤੋਂ ਪੈਸੇ ਨਹੀਂ ਲਏ, ਸਗੋਂ ਬਿਜਲੀ ਪਲਾਂਟਾਂ ਵਿੱਚ ਹਿੱਸਾ ਪਾਇਆ ਹੈ, ਜਿਸ ਬਾਰੇ ਸਾਰਾ ਪੰਜਾਬ ਚੰਗੀ ਤਰਾਂ ਜਾਣਦਾ ਹੈ।” ਉਨਾਂ ਕਿਹਾ ਕਿ, “ਸੁਖਬੀਰ ਬਾਦਲ ਨੂੰ ਕਾਂਗਰਸ ਪਾਰਟੀ ਵੱਲੋਂ ਲਈ ਰਿਸ਼ਵਤ ਬਾਰੇ ਪਤਾ ਹੈ, ਇਸੇ ਲਈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਸਮਝੌਤੇ ਰੱਦ ਕਰਨ ਦੀ ਚਣੌਤੀ ਦੇ ਰਹੇ ਹਨ।” ਭਗਵੰਤ ਮਾਨ ਨੇ ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਨੂੰ ਤਾਹਨਾ ਮਾਰਦਿਆਂ ਕਿਹਾ ‘ਸਿੱਧੂ ਸਾਬ ਕਾਂਗਰਸ ਪਾਰਟੀ ਵੱਲੋਂ ਬਿਜਲੀ ਕੰਪਨੀਆਂ ਤੋਂ ਲਏ ਕਰੋੜਾਂ ਰੁਪਏ ਬਾਰੇ ਵੀ ਇੱਕ ਟਵੀਟ ਠੋਕੋ।’