ਬਾਲੀਵੁੱਡ ਐਕਟਰ ਰਣਵੀਰ ਸਿੰਘ ਦੇ ਬੋਲਡ ਫੋਟੋਸ਼ੂਟ ਕਾਰਨ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚਿਆ ਹੋਇਆ ਹੈ। ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਲੋਕ ਸੋਸ਼ਲ ਮੀਡੀਆ ‘ਤੇ ਅਦਾਕਾਰ ਨੂੰ ਟ੍ਰੋਲ ਕਰ ਰਹੇ ਹਨ, ਉੱਥੇ ਹੀ ਸੈਲੇਬਸ ਵੱਖ-ਵੱਖ ਦਲੀਲਾਂ ਦੇ ਕੇ ਉਸ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਲੋਕ ਨਾ ਤਾਂ ਰਣਵੀਰ ਸਿੰਘ ਦੀਆਂ ਤਸਵੀਰਾਂ ਪਸੰਦ ਕਰ ਰਹੇ ਨੇ ਅਤੇ ਨਾ ਹੀ ਸੈਲੇਬਸ ਦੇ ਬਿਆਨਾਂ ਨੂੰ। ਇਹੀ ਕਾਰਨ ਹੈ ਕਿ ਸੋਮਵਾਰ ਨੂੰ ਉਨ੍ਹਾਂ ਦੇ ਖਿਲਾਫ ਪੁਲਸ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਹੁਣ ਅਦਾਕਾਰ ਖਿਲਾਫ ਇੱਕ ਹੋਰ ਐੱਫ.ਆਈ.ਆਰ ਕਰਵਾਈ ਗਈ ਹੈ। ਇੰਨਾ ਹੀ ਨਹੀਂ ਲੋਕ ਰਣਵੀਰ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਵੀ ਕਰ ਰਹੇ ਹਨ।
ਨਿਊਡ ਫੋਟੋਸ਼ੂਟ ਕਰਵਾਉਣ ਮਗਰੋਂ ਰਣਵੀਰ ਸਿੰਘ ਫਸਦੇ ਜਾ ਰਹੇ ਨੇ। ਰਣਵੀਰ ਸਿੰਘ ਖ਼ਿਲਾਫ਼ ਮੁੰਬਈ ਵਿੱਚ ਕੇਸ ਦਰਜ ਕੀਤਾ ਗਿਆ ਹੈ। ਰਣਵੀਰ ਸਿੰਘ ਦੇ ਖਿਲਾਫ ਮੁੰਬਈ ਦੇ ਚੇਂਬੂਰ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਐਫਆਈਆਰ ਚੇਂਬੂਰ ਦੇ ਰਹਿਣ ਵਾਲੇ ਲਲਿਤ ਟੇਕਚੰਦਾਨੀ ਨੇ ਦਰਜ ਕਰਵਾਈ ਹੈ। ਰਣਵੀਰ ‘ਤੇ ਔਰਤਾਂ ਦੀਆਂ ਭਾਵਨਾਵਾਂ ਅਤੇ ਇੱਜ਼ਤ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਰਣਵੀਰ ਦੇ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 292, 293, 509 ਅਤੇ ਸੂਚਨਾ ਤਕਨਾਲੋਜੀ (ਆਈਟੀ) ਐਕਟ ਦੀ ਧਾਰਾ 67 (ਏ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਨ੍ਹਾਂ ਧਾਰਾਵਾਂ ਤਹਿਤ ਰਣਵੀਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਉਸ ਵਿਰੁੱਧ ਆਈਟੀ ਐਕਟ ਦੀ ਧਾਰਾ 67 (ਏ) ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ, ਜੋ ਗੈਰ-ਜ਼ਮਾਨਤੀ ਹੈ।
ਚਾਰਾਂ ਧਾਰਾਵਾਂ ਤਹਿਤ ਸਜ਼ਾ ਕੀ ਹੋ ਸਕਦੀ ਹੈ?
IPC ਦੀ ਧਾਰਾ 292 – ਇਸ ਵਿੱਚ ਅਸ਼ਲੀਲਤਾ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਸ ਤਹਿਤ ਜੇਕਰ ਕੋਈ ਕਿਤਾਬ, ਪੇਪਰ, ਪੈਂਫਲੈਟ, ਮੈਗਜ਼ੀਨ, ਲੇਖ, ਡਰਾਇੰਗ ਜਾਂ ਅਜਿਹੀ ਕੋਈ ਵੀ ਚੀਜ਼ ਅਸ਼ਲੀਲ ਮੰਨੀ ਜਾਂਦੀ ਹੈ, ਜੋ ਕਾਮੁਕ ਬਣਾ ਦਿੰਦੀ ਹੈ ਜਾਂ ਜਿਸ ਨੂੰ ਦੇਖ ਕੇ, ਸੁਣ ਕੇ ਜਾਂ ਪੜ੍ਹ ਕੇ ਲੋਕ ਭ੍ਰਿਸ਼ਟ ਹੋ ਸਕਦੇ ਹਨ।
ਸਜ਼ਾ : ਪਹਿਲੀ ਵਾਰ ਦੋਸ਼ੀ ਪਾਏ ਜਾਣ ‘ਤੇ 2 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨਾ। ਜੇਕਰ ਦੂਜੀ ਵਾਰ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਨੂੰ ਪੰਜ ਸਾਲ ਤੱਕ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹ ਜ਼ਮਾਨਤਯੋਗ ਅਪਰਾਧ ਹੈ।
IPC ਦੀ ਧਾਰਾ 293 – ਜੇਕਰ ਕੋਈ ਵਿਅਕਤੀ 20 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਅਜਿਹੀ ਅਸ਼ਲੀਲ ਸਮੱਗਰੀ ਵੇਚਦਾ ਜਾਂ ਦਿਖਾਉਂਦਾ ਹੈ ਜਾਂ ਪ੍ਰਦਰਸ਼ਿਤ ਕਰਦਾ ਹੈ ਜਾਂ ਵੰਡਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਧਾਰਾ ਦੇ ਤਹਿਤ ਕੇਸ ਦਰਜ ਕੀਤਾ ਜਾਂਦਾ ਹੈ।
ਸਜ਼ਾ : ਪਹਿਲੀ ਵਾਰ ਦੋਸ਼ੀ ਪਾਏ ਜਾਣ ‘ਤੇ 3 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨਾ। ਜੇਕਰ ਦੂਜੀ ਵਾਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 7 ਸਾਲ ਤੱਕ ਦੀ ਕੈਦ ਅਤੇ 5,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹ ਵੀ ਜ਼ਮਾਨਤਯੋਗ ਅਪਰਾਧ ਹੈ।
ਆਈ.ਪੀ.ਸੀ. ਦੀ ਧਾਰਾ 509 – : ਜੇਕਰ ਕੋਈ ਵਿਅਕਤੀ ਕੋਈ ਸ਼ਬਦ ਬੋਲਦਾ ਹੈ ਜਾਂ ਕੋਈ ਆਵਾਜ਼ ਕੱਢਦਾ ਹੈ ਜਾਂ ਸਰੀਰ ਨੂੰ ਟੱਚ ਕਰਦਾ ਹੈ ਜਾਂ ਕੋਈ ਅਜਿਹੀ ਚੀਜ਼ ਦਿਖਾਉਂਦਾ ਹੈ ਜੋ ਕਿਸੇ ਔਰਤ ਦੀ ਮਰਿਆਦਾ ਨੂੰ ਠੇਸ ਪਹੁੰਚਾਏ ਜਾ ਕਿਸੇ ਔਰਤ ਦੀ ਇੱਜ਼ਤ ਦਾ ਅਪਮਾਨ ਕਰੇ, ਤਾਂ ਇਸ ਧਾਰਾ ਤਹਿਤ ‘ਤੇ ਕੇਸ ਦਰਜ ਕੀਤਾ ਜਾਂਦਾ ਹੈ।
ਸਜ਼ਾ: ਜੇਕਰ ਇਸ ਧਾਰਾ ਤਹਿਤ ਦੋਸ਼ੀ ਪਾਇਆ ਜਾਂਦਾ ਹੈ, ਤਾਂ ਵਿਅਕਤੀ ਨੂੰ ਤਿੰਨ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਇਹ ਵੀ ਜ਼ਮਾਨਤਯੋਗ ਅਪਰਾਧ ਹੈ।
ਆਈਟੀ ਐਕਟ ਦੀ ਧਾਰਾ 67 (ਏ) – ਜੇਕਰ ਕੋਈ ਵਿਅਕਤੀ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਅਜਿਹੀ ਕੋਈ ਸਮੱਗਰੀ ਪ੍ਰਕਾਸ਼ਿਤ ਕਰਦਾ ਹੈ, ਜੋ ਕਿ ਜਿਨਸੀ ਹੈ, ਤਾਂ ਇਹ ਧਾਰਾ ਲਗਾਈ ਜਾਂਦੀ ਹੈ। ਇਹ ਸੈਕਸ਼ਨ ਜਿਨਸੀ ਹਰਕਤਾਂ ਵਾਲੀ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਜਾਂ ਪ੍ਰਸਾਰਿਤ ਕਰਨ ਲਈ ਸਜ਼ਾ ਪ੍ਰਦਾਨ ਕਰਦਾ ਹੈ।
ਸਜ਼ਾ: ਇਹ ਗੈਰ-ਜ਼ਮਾਨਤੀ ਅਪਰਾਧ ਹੈ। ਇਸ ਤਹਿਤ ਜੇਕਰ ਪਹਿਲੀ ਵਾਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 5 ਸਾਲ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜਦਕਿ ਦੂਜੀ ਵਾਰ ਦੋਸ਼ੀ ਪਾਏ ਜਾਣ ‘ਤੇ ਉਸ ਨੂੰ 7 ਸਾਲ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਜ਼ਮਾਨਤੀ ਅਤੇ ਗੈਰ-ਜ਼ਮਾਨਤੀ ਵਿਚ ਅੰਤਰ?
ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਯਾਨੀ ਅਪਰਾਧਿਕ ਪ੍ਰਕਿਰਿਆ ਕੋਡ ਵਿੱਚ, ਅਪਰਾਧਾਂ ਨੂੰ ‘ਜ਼ਮਾਨਤੀ’ ਅਤੇ ‘ਗੈਰ-ਜ਼ਮਾਨਤੀ’ ਵਿੱਚ ਵੰਡਿਆ ਗਿਆ ਹੈ। ਜ਼ਮਾਨਤਯੋਗ ਅਪਰਾਧ ਵਿੱਚ, ਜਾਂਚ ਅਧਿਕਾਰੀ ਜਾਂ ਪੁਲਿਸ ਦੋਸ਼ੀ ਨੂੰ ਜ਼ਮਾਨਤ ਦੇ ਸਕਦੀ ਹੈ। ਜੇਕਰ ਦੋਸ਼ੀ ਜ਼ਮਾਨਤ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਜਾਂਚ ਅਧਿਕਾਰੀ ਉਸ ਨੂੰ ਜ਼ਮਾਨਤ ਦੇਣ ਲਈ ਪਾਬੰਦ ਹਨ।
ਜਦਕਿ ਪੁਲਿਸ ਗੈਰ-ਜ਼ਮਾਨਤੀ ਅਪਰਾਧ ਵਿੱਚ ਜ਼ਮਾਨਤ ਨਹੀਂ ਦੇ ਸਕਦੀ। ਗ੍ਰਿਫਤਾਰੀ ਦੇ 24 ਘੰਟਿਆਂ ਦੇ ਅੰਦਰ ਦੋਸ਼ੀ ਨੂੰ ਮੈਜਿਸਟ੍ਰੇਟ ਜਾਂ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਹੈ ਅਤੇ ਉਥੋਂ ਉਸ ਨੂੰ ਜ਼ਮਾਨਤ ਮਿਲ ਸਕਦੀ ਹੈ।