ਪੰਜਾਬ ਪੁਲਿਸ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਨੂੰ ਲੈਕੇ ਸੁਰਖੀਆਂ ਵਿੱਚ ਰਹਿੰਦੀ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ। ਜਿਥੇ ਇਲਾਜ ਕਰਾਉਣ ਆਇਆ ਕੈਦੀ ਫਰਾਰ ਹੋ ਗਿਆ।ਫਿਲਹਾਲ ਪੁਲਿਸ ਵੱਲੋਂ ਇਸ ਲਾਪਰਵਾਹੀ ਨੂੰ ਲੈਕੇ ਗਾਰਦ ਵਿੱਚ ਤੈਨਾਤ ਚਾਰ ਪੁਲਿਸ ਮੁਲਾਜ਼ਮਾਂ ਤੇ ਪਰਚਾ ਦਰਜ ਕੀਤਾ ਗਿਆ ਹੈ। ਫਿਰੋਜ਼ਪੁਰ ਵਿੱਚ ਪੁਲਿਸ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਸਿਵਲ ਹਸਪਤਾਲ ਵਿੱਚ ਇਲਾਜ ਕਰਾਉਣ ਆਇਆ ਕੈਦੀ ਮੌਕਾ ਦੇਖ ਫਰਾਰ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਡਾਕਟਰ ਨਤੀਸ ਕਿਨਰਾਂ ਨੇ ਦੱਸਿਆ ਕਿ ਮਰੀਜ਼ ਕੈਦੀ ਗੁਰਦੀਪ ਸਿੰਘ ਜੋ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ 14/7/22 ਦੀ ਰਾਤ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿਸ ਦਾ ਇਲਾਜ ਕੀਤਾ ਜਾ ਰਿਹਾ ਸੀ । ਇਸੇ ਦੌਰਾਨ ਕੈਦੀ ਗੁਰਦੀਪ ਸਿੰਘ ਮੌਕਾ ਦੇਖਦੇ ਹੋਏ ਸਿਵਲ ਹਸਪਤਾਲ ਵਿਚੋਂ ਫਰਾਰ ਹੋ ਗਿਆ ਸੀ ਜਿਸ ਦੀ ਇਤਲਾਹ ਪੁਲਿਸ ਨੂੰ ਦੇ ਦਿੱਤੀ ਗਈ ਹੈ। ਡਾਕਟਰ ਨੇ ਇਹ ਵੀ ਦੱਸਿਆ ਕਿ ਇਸ ਕੈਦੀ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਤਾਇਨਾਤ ਸੀ ਜਿਸ ਦਾ ਨਾਮ ਅਤੇ ਬੈਲਟ ਨੰਬਰ ਵੀ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ।
ਦੂਜੇ ਪਾਸੇ ਜਦੋਂ ਇਸ ਪੂਰੇ ਮਾਮਲੇ ਨੂੰ ਲੈਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਥਾਣਾ ਸਿਟੀ ਦੇ ਐਸ ਐਚ ਓ ਮੋਹਿਤ ਧਵਨ ਨੇ ਦੱਸਿਆ ਕਿ ਕੈਦੀ ਗੁਰਦੀਪ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਜਿਥੋਂ ਉਹ ਫਰਾਰ ਹੋ ਗਿਆ ਹੈ। ਇਸ ਮਾਮਲੇ ਨੂੰ ਲੈਕੇ ਕੈਦੀ ਗੁਰਦੀਪ ਸਿੰਘ ਅਤੇ ਚਾਰ ਪੁਲਿਸ ਮੁਲਾਜ਼ਮਾਂ ਦੀ ਲਾਪਰਵਾਹੀ ਨੂੰ ਦੇਖਦੇ ਹੋਏ ਕੈਦੀ ਗੁਰਦੀਪ ਸਿੰਘ ਅਤੇ ਚਾਰ ਪੁਲਿਸ ਮੁਲਾਜ਼ਮਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਕੈਦੀ ਦੀ ਭਾਲ ਜਾਰੀ ਹੈ।