ਸ਼੍ਰੀਲੰਕਾ 70 ਸਾਲਾਂ ਵਿੱਚ ਆਪਣੇ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਭੋਜਨ ਅਤੇ ਈਂਧਨ ਦੀ ਗੰਭੀਰ ਕਮੀ, ਵਧੇ ਹੋਏ ਬਲੈਕਆਊਟ ਅਤੇ ਵਧਦੀਆਂ ਕੀਮਤਾਂ ਸ਼ਾਮਿਲ ਹਨ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਮਾਲਦੀਵ ਭੱਜ ਗਏ ਹਨ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਪੂਰੇ ਟਾਪੂ ਦੇਸ਼ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਅਤੇ ਰਾਸ਼ਟਰਪਤੀ ਮਹਿਲ ਨੂੰ ਵੀ ਨਹੀਂ ਬਖਸ਼ਿਆ ਗਿਆ। ਕਈ ਪ੍ਰਦਰਸ਼ਨਕਾਰੀ ਸਰਕਾਰੀ ਇਮਾਰਤ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਨੂੰ ਸਵਿਮਿੰਗ ਪੂਲ ਜਾਂ ਕਮਰਿਆਂ ‘ਤੇ ਕਬਜ਼ਾ ਕਰਦੇ ਦੇਖਿਆ ਗਿਆ।
ਇਸ ਸਭ ਦੇ ਵਿਚਕਾਰ ਮਧੂਹਾਂਸੀ ਹਸੀਨਥਾਰਾ ਨਾਂ ਦੀ ਇੱਕ ਕੁੜੀ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ। ਦਰਅਸਲ ਮਧੂਹਾਂਸੀ ਕੋਲੰਬੋ ਸਥਿਤ ਰਾਸ਼ਟਰਪਤੀ ਨਿਵਾਸ ‘ਤੇ ਗਈ ਸੀ ਜਿੱਥੇ ਉਸ ਨੇ ਕੁੱਝ ਤਸਵੀਰਾਂ ਕਲਿੱਕ ਕੀਤੀਆਂ। ਵਿਰੋਧ ਦੇ ਬਾਵਜੂਦ ਤਸਵੀਰਾਂ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਹਸੀਨਥਾਰਾ ਕਿਸੇ ਸੈਲਾਨੀ ਦੀ ਤਰ੍ਹਾਂ ਰਾਸ਼ਟਰਪਤੀ ਭਵਨ ‘ਚ ਆਈ ਹੋਵੇ। ਇਹ ਤਸਵੀਰਾਂ ਮਧੂਹਾਂਸੀ ਨੇ 12 ਜੁਲਾਈ ਨੂੰ ਖੁਦ ਆਪਣੇ ਫੇਸਬੁੱਕ ਅਕਾਊਂਟ ‘ਤੇ ਸ਼ੇਅਰ ਕੀਤੀਆਂ ਸਨ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਕੈਪਸ਼ਨ ਵਿੱਚ ਲਿਖਿਆ ਹੈ, “ਰਾਸ਼ਟਰਪਤੀ ਭਵਨ, ਕੋਲੰਬੋ ਵਿੱਚ।”
ਉਸ ਦੁਆਰਾ ਫੇਸਬੁੱਕ ‘ਤੇ 26 ਫੋਟੋਆਂ ਪੋਸਟ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਉਪਭੋਗਤਾਵਾਂ ਨੇ ਇਸ ਨੂੰ ਅਣਉਚਿਤ ਸਮਝਿਆ ਅਤੇ ਪੋਸਟ ਦੇ ਟਿੱਪਣੀ ਭਾਗ ਵਿੱਚ ਔਰਤ ਦਾ ਮਜ਼ਾਕ ਉਡਾਇਆ, ਇਹ ਸੋਚਦੇ ਹੋਏ ਕਿ ਉਹ ਦੇਸ਼ ਦੇ ਸੰਕਟ ਦੇ ਵਿਚਕਾਰ ਆਪਣੇ ਆਪ ਨੂੰ ਕਿਵੇਂ ਪੇਸ਼ ਕਰਨਾ ਚਾਹੁੰਦੀ ਹੈ। ਇਕ ਯੂਜ਼ਰ ਨੇ ਲਿਖਿਆ, ‘ਤੁਹਾਨੂੰ ਸ਼੍ਰੀਲੰਕਾ ਦਾ ਨਵਾਂ ਰਾਸ਼ਟਰਪਤੀ ਬਣਨਾ ਚਾਹੀਦਾ ਹੈ। ਇੱਕ ਹੋਰ ਨੇ ਲਿਖਿਆ, “ਸ਼੍ਰੀਲੰਕਾ ਵਿੱਚ ਨਵਾਂ ਸੈਰ ਸਪਾਟਾ ਸਥਾਨ।” ਤੀਜੇ ਯੂਜ਼ਰ ਨੇ ਲਿਖਿਆ, “ਆਪਣੇ ਦੇਸ਼ ਦਾ ਮਜ਼ਾਕ ਉਡਾ ਰਹੀ ਹੈ।” ਪੋਸਟ ਨੂੰ 20 ਹਜ਼ਾਰ ਤੋਂ ਵੱਧ ਲਾਈਕਸ ਅਤੇ ਹਜ਼ਾਰਾਂ ਕਾਮੈਂਟਸ ਮਿਲ ਚੁੱਕੇ ਹਨ। 8 ਹਜ਼ਾਰ ਤੋਂ ਵੱਧ ਯੂਜ਼ਰਸ ਨੇ ਫੇਸਬੁੱਕ ‘ਤੇ ਪੋਸਟ ਨੂੰ ਰੀ-ਸ਼ੇਅਰ ਕੀਤਾ ਹੈ।