ਪੰਜਾਬ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਗਾਇਕ ਨੂੰ ਕਬੂਤਰਬਾਜ਼ੀ ਦੇ ਇੱਕ ਕੇਸ ਵਿੱਚ 2018 ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ। ਜਿਸ ਨੂੰ ਉਨ੍ਹਾਂ ਨੇ ਚੁਣੌਤੀ ਦਿੱਤੀ ਸੀ। ਪਰ ਹੁਣ ਵੀਰਵਾਰ ਨੂੰ ਸੁਣਵਾਈ ਦੌਰਾਨ ਪਟਿਆਲਾ ਅਦਾਲਤ ਨੇ ਦਲੇਰ ਮਹਿੰਦੀ ਦੀ 2 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਦਲੇਰ ਮਹਿੰਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗਾਇਕ ਨੂੰ ਗ੍ਰਿਫਤਾਰ ਕਰਕੇ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ। ਫਿਰ ਉਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਇਸ ਮਾਮਲੇ ਦੀ ਸੁਣਵਾਈ ਦੌਰਾਨ ਪਟਿਆਲਾ ਕੋਰਟ ਨੇ ਦਲੇਰ ਮਹਿੰਦੀ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਫਿਰ ਸਜ਼ਾ ਸੁਣਾਈ। ਇਹ ਮਾਮਲਾ 2003 ਦਾ ਹੈ। ਇਸ ਮਾਮਲੇ ‘ਚ ਦਲੇਰ ਮਹਿੰਦੀ ਅਤੇ ਉਸ ਦੇ ਭਰਾ ‘ਤੇ ਕੁੱਲ 31 ਕੇਸ ਦਰਜ ਹਨ।
ਜਿਕਰਯੋਗ ਹੈ ਕਿ ਸਾਲ 2003 ‘ ਚ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਪਿੰਡ ਬਲਬੇੜਾ ਹਲਕਾ ਸਨੌਰ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ‘ ਤੇ ਦਲੇਰ ਮਹਿੰਦੀ ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ , ਧਿਆਨ ਸਿੰਘ ਤੇ ਬੁਲਬੁਲ ਮਹਿਤਾ ਖਿਲਾਫ ਮਾਮਲਾ ਦਰਜ ਕਰਵਾਇਆ ਸੀ । ਬਖਸ਼ੀਸ਼ ਸਿੰਘ ਦਾ ਕਹਿਣਾ ਸੀ ਕਿ ਦਲੇਰ ਮਹਿੰਦੀ ਨੇ ਉਸ ਤੋਂ ਵਿਦੇਸ਼ ਭੇਜਣ ਦੇ ਨਾਂ ‘ ਤੇ 20 ਲੱਖ ਰੁਪਏ ਲਏ ਸਨ । ਇਸ ਮਗਰੋਂ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ ।