ਸ਼੍ਰੀਲੰਕਾ ‘ਚ ਆਰਥਿਕ ਹਾਲਾਤ ਤੋਂ ਪਰੇਸ਼ਾਨ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੀ ਰਿਹਾਇਸ਼ ‘ਤੇ ਕਬਜ਼ਾ ਕਰ ਲਿਆ ਹੈ, ਜਿਸ ਤੋਂ ਬਾਅਦ ਰਾਸ਼ਟਰਪਤੀ ਰਾਜਪਕਸ਼ੇ ਆਪਣੀ ਰਿਹਾਇਸ਼ ਤੋਂ ਭੱਜ ਗਏ। ਰੱਖਿਆ ਸੂਤਰਾਂ ਨੇ ਰਾਸ਼ਟਰਪਤੀ ਰਾਜਪਕਸ਼ੇ ਦੇ ਭੱਜਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਸੰਸਦ ਮੈਂਬਰ ਰਜਿਤਾ ਸੈਨਾਰਤਨੇ ਦੇ ਘਰ ‘ਤੇ ਵੀ ਹਮਲਾ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 11 ਮਈ ਨੂੰ ਤਤਕਾਲੀ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਪੂਰੇ ਪਰਿਵਾਰ ਸਮੇਤ ਭੱਜ ਗਏ ਸਨ। ਭੜਕੀ ਭੀੜ ਨੇ ਕੋਲੰਬੋ ਵਿੱਚ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ ਨੂੰ ਘੇਰ ਲਿਆ ਸੀ। ਦੂਜੇ ਪਾਸੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਸਥਿਤੀ ‘ਤੇ ਚਰਚਾ ਕਰਨ ਅਤੇ ਜਲਦੀ ਹੱਲ ਕੱਢਣ ਲਈ ਪਾਰਟੀ ਆਗੂਆਂ ਦੀ ਹੰਗਾਮੀ ਮੀਟਿੰਗ ਬੁਲਾਈ ਹੈ। ਪ੍ਰਧਾਨ ਮੰਤਰੀ ਵਿਕਰਮਾਸਿੰਘੇ ਨੇ ਸਪੀਕਰ ਨੂੰ ਸੰਸਦ ਦਾ ਸੈਸ਼ਨ ਬੁਲਾਉਣ ਦੀ ਅਪੀਲ ਕੀਤੀ ਹੈ। ਇੱਕ ਪੱਤਰ ਵਿੱਚ, ਸ਼੍ਰੀਲੰਕਾ ਪੋਦੁਜਾਨਾ ਪੇਰਾਮੁਨਾ (SLPP) ਦੇ 16 ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਤੁਰੰਤ ਅਸਤੀਫਾ ਦੇਣ ਦੀ ਅਪੀਲ ਕੀਤੀ ਹੈ।
